ਗੋਪੇਸ਼ਵਰ: ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸਾਲਾਨਾ ਯਾਤਰਾ 4 ਸਤੰਬਰ ਤੋਂ ਸ਼ੁਰੂ ਹੋਵੇਗੀ। ਕਰੋਨਾਵਾਇਰਸ ਮਹਾਮਾਰੀ ਕਰਕੇ ਯਾਤਰਾ ਐਤਕੀਂ ਤਿੰਨ ਮਹੀਨੇ ਪੱਛੜ ਗਈ ਹੈ। ਉੱਤਰਾਖੰਡ ਵਿੱਚ ਗੜ੍ਹਵਾਲ ਹਿਮਾਲਿਆ ਦੀਆਂ ਚੋਟੀਆਂ ’ਚ ਸਥਿਤ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ ਨੈਗੇਟਿਵ ਸਰਟੀਫਿਕੇਟ ਲਾਜ਼ਮੀ ਹੋਵੇਗਾ, ਜੋ 72 ਘੰਟਿਆਂ ਤੋਂ ਵਧ ਪੁਰਾਣਾ ਨਹੀਂ ਹੋਣਾ ਚਾਹੀਦਾ। ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸਵਾਤੀ ਐੱਸ.ਬਧੌਰੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 4 ਸਤੰਬਰ ਤੋਂ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਮਸ਼ਵਰੇ ਮਗਰੋਂ ਕੀਤਾ ਹੈ। ਉਨ੍ਹਾਂ ਕਿਹਾ, ‘ਯਾਤਰਾ ਲਈ ਅਪਲਾਈ ਕਰਨ ਮੌਕੇ 72 ਘੰਟੇ ਪਹਿਲਾਂ ਕਰਵਾਏ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਤੇ ਉੱਤਰਾਖੰਡ ਸਰਕਾਰ ਵੱਲੋਂ ਜਾਰੀ ਈ-ਪਾਸ ਲਾਜ਼ਮੀ ਹੋਵੇਗਾ।’ ਹੇਮਕੁੰਟ ਪ੍ਰਬੰਧਕ ਟਰੱਸਟ ਦੇ ਉਪ ਪ੍ਰਧਾਨ ਐੱਨ.ਐੱਸ.ਬਿੰਦਰਾ ਨੇ ਕਿਹਾ ਕਿ ਗੁਰਦੁਆਰੇ ਦੇ ਕਿਵਾੜ 4 ਸਤੰਬਰ ਨੂੰ ਸਵੇਰੇ ਦਸ ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ, ਪਰ ਸਮਾਜਿਕ ਦੂਰੀ ਸਮੇਤ ਕੋਵਿਡ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਹਰ ਹਾਲ ਪਾਲਣਾ ਕਰਨੀ ਹੋਵੇਗੀ।