ਕਰੋਨਾ ਦੀ ਮਾਰ: ਆਸਟਰੇਲੀਆ ਵਿੱਚ ਵਿਦੇਸ਼ੀ ਪਾੜ੍ਹਿਆਂ ’ਤੇ ਰੁਜ਼ਗਾਰ ਦਾ ਸੰਕਟ

0
919

ਬ੍ਰਿਸਬਨ: ਆਸਟਰੇਲੀਆ ਵਿੱਚ ਕੋਵਿਡ-19 ਮਹਾਮਾਰੀ ਦਾ ਅਸਰ ਆਰਜ਼ੀ ਵੀਜ਼ਾ ਧਾਰਕਾਂ ਵਿੱਚੋਂ ਸਭ ਤੋਂ ਵੱਧ ਵਿਦੇਸ਼ੀ ਪਾੜ੍ਹਿਆਂ ’ਤੇ ਪਿਆ ਹੈ। ਬੇਘਰ ਹੋ ਚੁੱਕੇ ਬਹੁਤੇ ਪਾੜ੍ਹੇ ਖਾਣ-ਪੀਣ ਤੋਂ ਵੀ ਤੰਗ ਹਨ। ਸੂਬਾ ਐੱਨਐੱਸਡਬਲਿਊ ਵੱਲੋਂ ਮਾਰਚ ਅਤੇ ਮਈ ਦੌਰਾਨ ਕਰਵਾਏ ਸਰਵੇਖਣ ਮੁਤਾਬਕ, 65 ਫ਼ੀਸਦ ਲੋਕਾਂ ਦੀ ਨੌਕਰੀ ਚਲੀ ਗਈ ਹੈ, ਜਿਨ੍ਹਾਂ ਵਿੱਚੋਂ 60 ਫ਼ੀਸਦ ਕੌਮਾਂਤਰੀ ਵਿਦਿਆਰਥੀ ਸਨ। 39 ਫ਼ੀਸਦ ਕੋਲ ਰਹਿਣ ਅਤੇ ਖਾਣ ਲਈ ਪੈਸੇ ਨਹੀਂ ਹਨ। 34 ਫ਼ੀਸਦ ਵਿਦਿਆਰਥੀਆਂ ਕੋਲ ਘਰ ਦਾ ਕਿਰਾਇਆ ਦੇਣ ਜੋਗੇ ਪੈਸੇ ਵੀ ਨਹੀਂ ਹਨ, ਜਦੋਂਕਿ 43 ਫ਼ੀਸਦ ਕਈ ਵਾਰ ਖਾਣਾ ਨਹੀਂ ਖਾ ਪਾਉਂਦੇ। ਯੂਨੀਅਨ ਦੇ ਸਕੱਤਰ ਮਾਰਕ ਮੋਰੇ ਨੇ ਕਿਹਾ ਹੈ, ‘‘ਅਸੀਂ ਵਿਦੇਸ਼ੀ ਪਾੜ੍ਹਿਆਂ ਨੂੰ ਇੱਥੇ ਆਉਣ ਲਈ ਉਤਸ਼ਾਹਿਤ ਕੀਤਾ ਸੀ ਅਤੇ ਉਹ ਸ਼ੁਰੂ ਤੋਂ ਹੀ ਟੈਕਸ ਭਰ ਰਹੇ ਹਨ। ਬਿਨਾਂ ਮਦਦ ਦਿੱਤਿਆਂ ਅਸੀਂ ਊਨ੍ਹਾਂ ਨੂੰ ਭੁੱਖੇ ਮਰਨ ਵੱਲ ਧੱਕ ਰਹੇ ਹਾਂ।’’

ਇਸ ਤੋਂ ਪਹਿਲਾਂ ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਅਤੇ ਯੂਟੀਐੱਸ ਨੇ ਆਪਣੇ ਸਰਵੇਖਣ ਵਿੱਚ ਕਿਹਾ ਸੀ ਕਿ ਲੋਕਾਂ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋਣ ਦੇ ਆਸਾਰ ਹਨ। ਪ੍ਰੋਫੈਸਰ ਲੌਰੀ ਬਰਗ ਮੁਤਾਬਕ, 59 ਫ਼ੀਸਦ ਆਰਜ਼ੀ ਵੀਜ਼ਾ ਧਾਰਕਾਂ ਨੇ ਕਿਹਾ ਕਿ ਉਹ ਦੂਜਿਆਂ ਨੂੰ ਭਵਿੱਖ ਵਿੱਚ ਆਸਟਰੇਲੀਆ ਆਉਣ ਲਈ ਨਹੀਂ ਕਹਿਣਗੇ। ਦੂਜੇ ਪਾਸੇ ਕਾਰਜਕਾਰੀ ਪਰਵਾਸ ਮੰਤਰੀ ਐਲਨ ਟੱਜ ਨੇ ਕਿਹਾ, ‘‘ਸਾਡਾ ਪੂਰਾ ਧਿਆਨ ਆਸਟਰੇਲੀਆ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੀ ਭਲਾਈ ’ਤੇ ਹੈ।’’ ਉਨ੍ਹਾਂ ਦਾ ਮੰਨਣਾ ਹੈ ਕਿ ਆਰਜ਼ੀ ਵੀਜ਼ਾ ਧਾਰਕ ਆਪਣੇ ਆਪ ਨੂੰ ਸੰਭਾਲਣ ਦੇ ਯੋਗ ਹੁੰਦੇ ਹਨ।