ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਇਕ 13 ਸਾਲਾ ਲੜਕੀ ਦੀ ਜਬਰ-ਜਨਾਹ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਸ਼ੁੱਕਰਵਾਰ ਨੂੰ ਵਾਪਰੀ ਹੈ ਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਲੜਕੀ ਦੀ ਜੀਭ ਤੇ ਅੱਖਾਂ ’ਤੇ ਗੰਭੀਰ ਸੱਟਾਂ ਵੱਜੀਆਂ ਹਨ। ਪੁਲੀਸ ਮੁਤਾਬਕ ਡਾਕਟਰਾਂ ਦੇ ਪੈਨਲ ਵੱਲੋਂ ਕੀਤੇ ਪੋਸਟਮਾਰਟਮ ਵਿਚ ਮੌਤ ਦਾ ਕਾਰਨ ਗਲ ਘੁੱਟਣਾ ਦੱਸਿਆ ਗਿਆ ਹੈ।
ਜਬਰ-ਜਨਾਹ ਮਗਰੋਂ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਹਿਲਾਂ ਕਿਹਾ ਗਿਆ ਸੀ ਕਿ ਲੜਕੀ ਦੀਆਂ ਅੱਖਾਂ ਤੇ ਜੀਭ ਉਤੇ ਗੰਭੀਰ ਸੱਟਾਂ ਹਨ।
ਪੁਲੀਸ ਨੇ ਦੱਸਿਆ ਕਿ ਲੜਕੀ ਸ਼ੁੱਕਰਵਾਰ ਬਾਅਦ ਦੁਪਹਿਰ ਖੇਤਾਂ ਨੂੰ ਗਈ ਸੀ। ਜਦ ਉਹ ਵਾਪਸ ਘਰ ਨਾ ਮੁੜੀ ਤਾਂ ਪਰਿਵਾਰ ਨੇ ਉਸ ਦੀ ਭਾਲ ਕੀਤੀ। ਉਨ੍ਹਾਂ ਨੂੰ ਉਸ ਦੀ ਲਾਸ਼ ਗੰਨੇ ਦੇ ਖੇਤਾਂ ਵਿਚ ਪਈ ਮਿਲੀ। ਡੀਐੱਸਪੀ ਅਭਿਸ਼ੇਕ ਪ੍ਰਤਾਪ ਮੁਤਾਬਕ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਦੋ ਨੌਜਵਾਨਾਂ- ਸੰਜੈ ਤੇ ਸੰਤੋਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ’ਤੇ ਆਈਪੀਸੀ, ਪੋਕਸੋ ਐਕਟ ਤੇ ਐੱਸਸੀ-ਐੱਸਟੀ ਐਕਟ ਦੀਆਂ ਧਾਰਾਵਾਂ ਲਾਈਆਂ ਹਨ। ਗੋਰਖਪੁਰ ਜ਼ਿਲ੍ਹੇ ਦੇ ਗੋਲਾ ਇਲਾਕੇ ਵਿਚ ਵੀ ਲੜਕੀ ਨਾਲ ਜਬਰ-ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਲੜਕੀ ਬੇਹੋਸ਼ ਮਿਲੀ ਹੈ ਤੇ ਹੁਣ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਲੜਕੀ ਦੀ ਮਾਂ ਦੇ ਬਿਆਨਾਂ ’ਤੇ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਲੜਕੀ ਇਕ ਭੱਠਾ ਮਜ਼ਦੂਰ ਦੀ ਧੀ ਹੈ।