ਨਵੀਂ ਦਿੱਲੀ: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਆਜ਼ਾਦੀ ਦਿਹਾੜੇ ਮੌਕੇ ਅਸਹਿਣਸ਼ੀਲਤਾ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਦੇਸ਼ ਵਿੱਚ ਨਾ ਤਾਂ ਲਿਖਣ, ਨਾ ਸਵਾਲ ਕਰਨ ਤੇ ਨਾ ਹੀ ਅਸਹਿਮਤੀ ਪ੍ਰਗਟਾਉਣ ਦੀ ਆਜ਼ਾਦੀ ਹੈ। ਉਨ੍ਹਾਂ ਮੋਦੀ ਸਰਕਾਰ ’ਤੇ ਤਰ੍ਹਾਂ ਗ਼ੈਰ-ਜਮਹੂਰੀ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਅੱਜ ਦੇਸ਼ ਦੇ ਹਰ ਵਾਸੀ ਨੂੰ ਆਤਮ ਚਿੰਤਨ ਕਰਨ ਤੇ ਆਜ਼ਾਦੀ ਦੇ ਅਰਥ ਬਾਰੇ ਸਵਾਲ ਕਰਨ ਦੀ ਲੋੜ ਹੈ। ਕੀ ਦੇਸ਼ ਵਿੱਚ ਲਿਖਣ, ਬੋਲਣ, ਸਵਾਲ ਕਰਨ, ਅਸਹਿਮਤੀ ਪ੍ਰਗਟਾਉਣ, ਵਿਚਾਰ ਪੇਸ਼ ਕਰਨ ਤੇ ਜਵਾਬ ਮੰਗਣ ਦੀ ਆਜ਼ਾਦੀ ਹੈ? ਵਿਰੋਧੀ ਧਿਰ ਵਜੋਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੋਸ਼ਿਸ਼ ਤੇ ਸੰਘਰਸ਼ ਕਰੀਏ ਜਿਸ ਨਾਲ ਭਾਰਤ ਦੀ ਜਮਹੂਰੀ ਆਜ਼ਾਦੀ ਦੀ ਰਾਖੀ ਕੀਤੀ ਜਾ ਸਕੇ।’ ਇਸੇ ਦੌਰਾਨ ਕਾਂਗਰਸ ਆਗੂਆਂ ਨੇ ਪ੍ਰਧਾਨ ਮੰਤਰੀ ਵੱਲੋਂ ਲਾਲ ਕਿਲੇ ਤੋਂ ਦਿੱਤੇ ਭਾਸ਼ਣ ਦੌਰਾਨ ਚੀਨ ਦਾ ਜ਼ਿਕਰ ਨਾ ਕਰਨ ’ਤੇ ਸਵਾਲ ਕੀਤੇ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, ‘ਕਾਂਗਰਸ ਸਮੇਤ ਸਾਰੇ ਭਾਰਤੀਆਂ ਨੂੰ ਆਪਣੀ ਫੌਜ ਦੇ ਜਜ਼ਬੇ ਤੇ ਹੌਸਲੇ ’ਤੇ ਭਰੋਸਾ ਹੈ। ਪਰ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ’ਚ ਚੀਨ ਦਾ ਜ਼ਿਕਰ ਕਰਨ ਤੋਂ ਕਿਉਂ ਡਰਦੇ ਹਨ।’ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨੂੰ ਛੱਡ ਕੇ ਹਰ ਕਿਸੇ ਨੂੰ ਭਾਰਤੀ ਫੌਜ ਦੀ ਯੋਗਤਾ ’ਤੇ ਭਰੋਸਾ ਹੈ, ਜਿਨ੍ਹਾਂ ਦੇ ਝੂਠ ਨੇ ਚੀਨ ਨੂੰ ਸਾਡੀ ਧਰਤੀ ’ਤੇ ਆਉਣ ਦਿੱਤਾ।’ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ, ‘ਚੀਨ ਨੇ ਸਾਡੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਤੇ ਪ੍ਰਧਾਨ ਮੰਤਰੀ ’ਚ ਚੀਨ ਦਾ ਨਾਂ ਤੱਕ ਲੈਣ ਦਾ ਵੀ ਹੌਸਲਾ ਨਹੀਂ ਹੈ। ਤੁਸੀਂ ਕਿਸ ਤਰ੍ਹਾਂ ਦੇ ਆਗੂ ਹੋ?’