ਵਾਸ਼ਿੰਗਟਨ: ਅਗਾਮੀ ਰਾਸ਼ਟਰਪਤੀ ਚੋਣ ਵਿੱਚ ਅਮਰੀਕੀ ਸਦਰ ਡੋਨਲਡ ਟਰੰਪ ਨੂੰ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਟੱਕਰ ਦੇਣ ਵਾਲੇ ਜੋਅ ਬਿਡੇਨ (77) ਨੇ ਭਾਰਤੀ ਅਮਰੀਕੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੀ ਉਮੀਦਵਾਰ ਐਲਾਨ ਦਿੱਤਾ ਹੈ। ਬਿਡੇਨ ਦੀ ਇਸ ਪੇਸ਼ਕਦਮੀ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਨਵੰਬਰ ਮਹੀਨੇ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਸਿਆਹਫਾਮ ਤੇ ਭਾਰਤੀ-ਅਮਰੀਕੀ ਵੋਟਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਦੌਰਾਨ ਸਾਬਕਾ ਅਮਰੀਕੀ ਸਦਰ ਬਰਾਕ ਓਬਾਮਾ ਨੇ ਬਿਡੇਨ ਵੱਲੋਂ ਕੀਤੀ ਇਸ ਚੋਣ ਨੂੰ ‘ਪੁਖਤਾ’ ਕਰਾਰ ਦਿੱਤਾ ਹੈ। ਓਬਾਮਾ ਨੇ ਕਿਹਾ ਕਿ ਬਿਡੇਨ ਲਈ ਆਪਣੇ ਡਿਪਟੀ ਦੀ ਚੋਣ ਕਰਨਾ ਕਾਫ਼ੀ ਔਖਾ ਫੈਸਲਾ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ’ਤੇ ਕਿਹਾ ਕਿ ਉਹ ‘ਉਸ ਦੀ ਚੋਣ ਤੋਂ ਥੋੜ੍ਹੇ ਹੈਰਾਨ ਹਨ।’ ਅਮਰੀਕੀ ਸਦਰ ਨੇ ਕਿਹਾ, ‘ਉਸ(ਹੈਰਿਸ) ਨੇ ਜੋਡ ਬਿਡੇਨ ਨਾਲ ਭੈੜਾ ਵਿਹਾਰ ਕੀਤਾ ਸੀ ਤੇ ਅਜਿਹੇ ਕਿਸੇ ਸ਼ਖ਼ਸ ਨੂੰ ਚੁਣਨਾ ਗੁਸਤਾਖ਼ੀ ਹੈ।’ ਟਰੰਪ ਦੇ ਡਿਪਟੀ ਮਾਈਕ ਪੈਂਸ ਨੇ ਕਿਹਾ, ‘ਮੈਂ ਇਸ ਦੌੜ ਵਿੱਚ ਉਸ (ਹੈਰਿਸ) ਨੂੰ ਜੀ ਆਇਆਂ ਆਖਦਾ ਹਾਂ।’ ਟਰੰਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਕਮਲਾ ਹੈਰਿਸ ਦੀ ਚੋਣ ਤੋਂ ਸਾਫ਼ ਹੈ ਕਿ ਬਿਡੇਨ ‘ਇਕ ਖਾਲੀ ਭਾਂਡਾ ਹੈ ਜੋ ਖੱਬੇ ਪੱਖੀ ਗਰਮਦਲੀਆਂ ਖਿਲਾਫ਼ ਸਿਖਰਲੇ ਏਜੰਡੇ ਨਾਲ ਭਰਿਆ ਹੋਇਆ ਹੈ।’