ਪੰਜਾਬ ’ਚ ਕਰੋਨਾਵਾਇਰਸ ਤੋਂ ਮੌਤ ਦਰ ਗੁਆਂਢੀ ਰਾਜਾਂ ਦੇ ਮੁਕਾਬਲੇ ਜ਼ਿਆਦਾ

0
973

ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਵਧਦੀ ਮੌਤ ਦਰ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਹੈ। ਸੂਬੇ ਵਿੱਚ ਮੌਤ ਦਰ ਕੌਮੀ ਔਸਤ ਨਾਲੋਂ ਤਾਂ ਜ਼ਿਆਦਾ ਹੈ ਹੀ ਸਗੋਂ ਗੁਆਂਢੀ ਸੂਬਿਆਂ ਨਾਲੋਂ ਵੀ ਵਧੇਰੇ ਮੌਤਾਂ ਹੋ ਰਹੀਆਂ ਹਨ। ਉਧਰ, ਬੀਤੇ 24 ਘੰਟਿਆਂ ਦੌਰਾਨ ਸੂਬੇ ਵਿੱਚ 20 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 988 ਸੱਜਰੇ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 604 ਵਿਅਕਤੀ ਇਸ ਮਹਾਮਾਰੀ ਦੀ ਭੇਟ ਚੜ੍ਹ ਚੁੱਕੇ ਹਨ ਜਦਕਿ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 24889 ਤੱਕ ਅੱਪੜ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਕਰੋਨਾ ਦੀ ਮਾਰ ਹੇਠ ਆਏ 95 ਫ਼ੀਸਦੀ ਤੋਂ ਜ਼ਿਆਦਾ ਅਜਿਹੇ ਵਿਅਕਤੀਆਂ ਦੀ ਮੌਤ ਹੋਈ ਹੈ ਜਿਹੜੇ ਪਹਿਲਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ। ਅਧਿਕਾਰੀਆਂ ਮੁਤਾਬਕ ਪੰਜਾਬ ਵਿੱਚ ਮੌਤ ਦਰ 2.45, ਜੰਮੂ ਕਸ਼ਮੀਰ ’ਚ 1.88, ਚੰਡੀਗੜ੍ਹ ’ਚ 1.68, ਹਰਿਆਣਾ ’ਚ 1.36 ਅਤੇ ਹਿਮਾਚਲ ਪ੍ਰਦੇਸ਼ ’ਚ 0.42 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ ਵਿੱਚ ਇਕ ਦਿਨ ’ਚ ਸਭ ਤੋਂ ਵੱਧ 7 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਲੁਧਿਆਣਾ ’ਚ 6, ਜਲੰਧਰ ’ਚ 3, ਫਿਰੋਜ਼ਪੁਰ ’ਚ 2, ਮੋਗਾ ਅਤੇ ਮੁਹਾਲੀ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਜ਼ਿਲ੍ਹਾ ਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 246, ਪਟਿਆਲਾ ਵਿੱਚ 198, ਜਲੰਧਰ ਵਿੱਚ 156, ਸੰਗਰੂਰ ਵਿੱਚ 60, ਮੁਹਾਲੀ ਵਿੱਚ 59, ਗੁਰਦਾਸਪੁਰ ਵਿੱਚ 37, ਅੰਮ੍ਰਿਤਸਰ ਵਿੱਚ 32, ਹੁਸ਼ਿਆਰਪੁਰ ਵਿੱਚ 28, ਫਰੀਦਕੋਟ ਵਿੱਚ 25, ਬਠਿੰਡਾ ਵਿੱਚ 24, ਬਰਨਾਲਾ ਵਿੱਚ 23, ਫਤਿਹਗੜ੍ਹ ਸਾਹਿਬ ਵਿੱਚ 15, ਫਾਜ਼ਿਲਕਾ ਅਤੇ ਨਵਾਂਸ਼ਹਿਰ ਵਿੱਚ 14, ਤਰਨ ਤਾਰਨ ਵਿੱਚ 13, ਮਾਨਸਾ ਵਿੱਚ 11, ਮੁਕਤਸਰ ਵਿੱਚ 10, ਫਿਰੋਜ਼ਪੁਰ, ਕਪੂਰਥਲਾ ਅਤੇ ਮੋਗਾ ਵਿੱਚ 6-6, ਰੋਪੜ ਵਿੱਚ 5 ਨਵੇਂ ਮਰੀਜ਼ ਸਾਹਮਣੇ ਆਏ ਹਨ।