ਪੰਜਾਬੀ ਤੇ ਜੱਟ ਸਰੀਰਕ ਤੌਰ ‘ਤੇ ਮਜ਼ਬੂਤ ਪਰ ਦਿਮਾਗੀ ਤੌਰ ‘ਤੇ ਨਹੀਂ: ਬਿਪਲਬ

0
931

ਅਗਰਤਲਾ: ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਪੰਜਾਬੀਆਂ ਤੇ ਜੱਟਾਂ ਦੀ ਬੰਗਾਲੀਆਂ ਨਾਲ ਤੁਲਨਾ ਕਰਦੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਹੈ। ਦੇਬ ਨੇ ਕਿਹਾ ਕਿ ਉਸ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਦੇਬ ਨੇ ਲੰਘੇ ਦਿਨੀਂ ਇਹ ਕਹਿ ਕੇ ਵਿਵਾਦ ਸਹੇੜ ਲਿਆ ਸੀ ਕਿ ਪੰਜਾਬੀ ਤੇ ਜੱਟ ਸਰੀਰਕ ਤੌਰ ‘ਤੇ ਭਾਵੇਂ ਮਜ਼ਬੂਤ ਹੁੰਦੇ ਹਨ, ਪਰ ਦਿਮਾਗੀ ਤੌਰ ‘ਤੇ ਨਹੀਂ ਜਦੋਂਕਿ ਬੰਗਾਲੀ ਕਾਫ਼ੀ ਬੁੱਧੀਮਾਨ ਹੁੰਦੇ ਹਨ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਆਪਣੀ ਇਨ੍ਹਾਂ ਟਿੱਪਣੀਆਂ ਲਈ ਮੁਆਫ਼ੀ ਮੰਗੀ।
ਦੇਬ ਨੇ ਕਿਹਾ ਕਿ ਉਸ ਦੇ ਕਈ ਦੋਸਤ ਪੰਜਾਬੀ ਤੇ ਜੱਟ ਹਨ ਤੇ ਉਸ ਨੂੰ ਇਨ੍ਹਾਂ ਦੋਵਾਂ ਭਾਈਚਾਰਿਆਂ ਦੇ ਲੋਕਾਂ ‘ਤੇ ਮਾਣ ਹੈ। ਦੇਬ ਨੇ ਟਵੀਟ ਕੀਤਾ, ‘ਮੈਂ ਪੰਜਾਬੀਆਂ ਤੇ ਜੱਟ ਭਾਈਚਾਰਿਆਂ ਵੱਲੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਸਲਾਮ ਕਰਦਾ ਹਾਂ। ਮੈਂ ਦੋਵਾਂ ਭਾਈਚਾਰਿਆਂ ਵੱਲੋਂ ਭਾਰਤ ਨੂੰ ਅੱਗੇ ਵਧਾਉਣ ਵਿੱਚ ਨਿਭਾਈ ਭੂਮਿਕਾ ‘ਤੇ ਉਜਰ ਜਤਾਉਣ ਬਾਰੇ ਸੋਚ ਵੀ ਨਹੀਂ ਸਕਦਾ। ਮੈਂ ਉਨ੍ਹਾਂ ਬਾਰੇ ਕੁਝ ਲੋਕਾਂ ਦੇ ਵਿਚਾਰ ਪ੍ਰਗਟ ਕੀਤੇ ਹਨ। ਮੈਂ ਕੁਝ ਸਮੇਂ ਲਈ ਇਨ੍ਹਾਂ ਦੇ ਨਾਲ ਵਿਚਰਿਆ ਹਾਂ….ਜੇਕਰ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਪੁੱਜੀ ਹੋਵੇ ਤਾਂ ਮੈਂ ਉਸ ਲਈ ਮੁਆਫ਼ੀ ਮੰਗਦਾ ਹਾਂ।’ ਦੇਬ ਨੇ ਅਗਰਤਲਾ ਪ੍ਰੈੱਸ ਕਲੱਬ ‘ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਵਿੱਚ ਹਰ ਭਾਈਚਾਰਾ ਆਪਣੀ ਖਾਸ ਕਿਸਮ ਤੇ ਕਿਰਦਾਰ ਲਈ ਜਾਣਿਆ ਜਾਂਦਾ ਹੈ।