ਐਬਟਸਫੋਰਡ: ਸਰੀ ਵਿਖੇ ਨਕਲੀ ਹਥਿਆਰਾਂ ਨਾਲ ਟਿਕਟਾਕ ਬਣਾ ਰਹੇ ੧੨ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਬਾਅਦ ਵਿਚ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ। ਸਰੀ ਪੁਲਿਸ ਦੀ ਕਾਰਪੋਰੇਲ ਈਲਨੋਰ ਸਟੱਕੋ ਨੇ ਦੱਸਿਆ ਕਿ ਸ਼ਾਮ ੭ ਵਜੇ ਪੁਲਿਸ ਨੂੰ ਕਿਸੇ ਨੇ ਫ਼ੋਨ ਕਰਕੇ ਦੱਸਿਆ ਕਿ ਸਰੀ ਦੀ ਕੋਲਬਰੁੱਕ ਰੋਡ ‘ਤੇ ਸਥਿਤ ਮੱਡ ਬੇਅ ਪਾਰਕ ਵਿਚ ਇਕ ਨੌਜਵਾਨ ਦੂਸਰੇ ਨੌਜਵਾਨ ਨੂੰ ਸਿਰ ‘ਤੇ ਬੰਦੂਕ ਰੱਖ ਕੇ ਝਾੜੀਆਂ ਵਿਚ ਲੈ ਕੇ ਜਾ ਰਿਹਾ ਹੈ ਤਾਂ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਤਾਂ ੨੫-੩੦ ਸਾਲ ਦੇ ੧੨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਟਿਕਟਾਕ ਬਣਾ ਰਹੇ ਹਨ। ਪੁਲਿਸ ਨੇ ਉਨ੍ਹਾਂ ਕੋਲੋਂ ੨ ਨਕਲੀ ਬੰਦੂਕਾਂ, ਦੋ ਏਅਰਸੌਫਟ ਪਿਸਤੌਲ, ਇਕ ਬੇਸਬਾਲ ਬੈਟ, ਇਕ ਕੈਮਰਾ ਤੇ ਇਕ ਰੱਸੀ ਵਾਲੀ ਕੁਰਸੀ ਬਰਾਮਦ ਕੀਤੀ ਹੈ। ਹਰ ਨੌਜਵਾਨ ਨੂੰ ੨੦੦ ਡਾਲਰ ਜੁਰਮਾਨਾ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਪਾਰਕਸ ਰੈਗੂਲੇਸ਼ਨ ਬਾਈ ਲਾਅ ੧੯੯੮ ਨੰਬਰ ੧੩੪੮੦ ਦੀ ਧਾਰਾ ੩੩ ਲਈ ਟਿਕਟ ਦਿੱਤੀ ਗਈ ਹੈ। ਜਿਸ ਵਿਚ ਜਨਰਲ ਮੈਨੇਜਰ ਦੀ ਲਿਖਤੀ ਇਜਾਜ਼ਤ ਤੋਂ ਬਿਨਾਂ ਏਅਰਗੰਨ ਲਿਜਾਣ ਦੀ ਮਨਾਹੀ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਵਿਚ ਕੁਝ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਏ ਨੌਜਵਾਨ ਵੀ ਸ਼ਾਮਿਲ
ਹਨ।