ਵੈਨਕੂਵਰ ਦੇ ਉਘੇ ਵਪਾਰੀ ਡੇਵਿਡ ਸਿੱਧੂ ਨੂੰ 3 ਮਹੀਨੇ ਦੀ ਕੈਦ ਤੇ ਢਾਈ ਲੱਖ ਡਾਲਰ ਜੁਰਮਾਨਾ

0
1431

ਵੈਨਕੂਵਰ: ਪੰਜਾਬੀਆਂ ਵਿਚ ਦਾਨੀਆਂ ਵਜੋਂ ਜਾਣੇ ਜਾਂਦੇ ਵੈਨਕੂਵਰ ਦੇ ਰਹਿਣ ਵਾਲੇ ਉੱਘੇ ਵਪਾਰੀ ਡੇਵਿਡ ਸਿੱਧੂ ਨੂੰ ਅਮਰੀਕੀ ਅਦਾਲਤ ਨੇ ਤਿੰਨ ਮਹੀਨੇ ਕੈਦ ਤੇ ਢਾਈ ਲੱਖ ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਵੱਲੋਂ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਕੀਤੇ ਜਾਣ ਕਾਰਨ ਜੱਜ ਨੇ ਉਸ ਦੀ ਸਜ਼ਾ ‘ਚ ਕਾਫੀ ਨਰਮੀ ਵਰਤੀ। ਡੇਵਿਡ ਸਿੱਧੂ ਉੱਤੇ ਦੋਸ਼ ਹਨ ਕਿ ਕੁਝ ਸਾਲ ਪਹਿਲਾਂ ਉਸ ਨੇ ਆਪਣੇ ਪੁੱਤਰਾਂ ਨੂੰ ਅਮਰੀਕਾ ਦੇ ਮੈਡੀਕਲ ਕਾਲਜ ਵਿੱਚ ਦਾਖ਼ਲਾ ਦਿਵਾਉਣ ਲਈ ਉੱਥੋਂ ਦੇ ਸਿਸਟਮ ਨੂੰ ਭ੍ਰਿਸ਼ਟ ਕਰਨ ਦਾ ਯਤਨ ਕੀਤਾ। ਉਸ ਦੀ ਗ੍ਰਿਫ਼ਤਾਰੀ ਮੌਕੇ ਉਹ ਚਾਰ ਦਿਨ ਪੁਲੀਸ ਹਵਾਲਾਤ ‘ਚ ਰਿਹਾ ਸੀ, ਇਸ ਕਰ ਕੇ ਹੁਣ ਉਸ ਨੂੰ ੮੬ ਹੋਰ ਦਿਨ ਜੇਲ੍ਹ ਵਿੱਚ ਕੱਟਣੇ
ਪੈਣਗੇ।
ਇਸਤਗਾਸਾ ਪੱਖ ਅਨੁਸਾਰ ਕੁਝ ਸਾਲ ਪਹਿਲਾਂ ਡੇਵਿਡ ਸਿੱਧੂ ਨੇ ਆਪਣੇ ਦੋ ਪੁੱਤਰਾਂ ਨੂੰ ਅਮਰੀਕਾ ਦੇ ਮੈਡੀਕਲ ਕਾਲਜ ਵਿੱਚ ਡਾਕਟਰੀ ਕੋਰਸ ‘ਚ ਦਾਖ਼ਲਾ ਦਿਵਾਉਣ ਲਈ ਦਾਖ਼ਲਾ ਟੈਸਟ ਆਪਣੇ ਪੁੱਤਰਾਂ ਦੀ ਥਾਂ ਹੋਰ ਮੁੰਡਿਆਂ ਤੋਂ ਦਿਵਾ ਕੇ ਉਨ੍ਹਾਂ ਨੂੰ ਪਾਸ ਕਰਵਾਉਣ ਦਾ ਯਤਨ ਕੀਤਾ
ਸੀ।
ਉਸ ਨੇ ਜਾਅਲੀ ਢੰਗ ਨਾਲ ਦਾਖ਼ਲਾ ਟੈਸਟ ਪਾਸ ਕਰਵਾਉਣ ਲਈ ਮੋਟੀ ਰਕਮ ਖਰਚੀ ਸੀ। ਬਾਅਦ ਵਿੱਚ ਮਾਮਲਾ ਜੱਗ ਜ਼ਾਹਿਰ ਹੋਣ ‘ਤੇ ਇਸ ਸਾਜਿਸ਼ ਵਿੱਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਪੁਲੀਸ ਨੇ ਮੁਕੱਦਮਾ
ਚਲਾਇਆ।
ਡੇਵਿਡ ਸਿੱਧੂ ਨੇ ਉਦੋਂ ਤਾਂ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਇਸਤਗਾਸਾ ਪੱਖ ਵੱਲੋਂ ਅਦਾਲਤ ‘ਚ ਪੇਸ਼ ਕੀਤੇ ਠੋਸ ਸਬੂਤਾਂ ਕਾਰਨ ਉਸ ਨੇ ਆਪਣਾ ਜੁਰਮ ਕਬੂਲ ਕਰ
ਲਿਆ।
ਆਪਣੇ ਪੁੱਤਰਾਂ ਦੇ ਭਵਿੱਖ ਦੀ ਫ਼ਿਕਰਮੰਦੀ ਕਾਰਨ ਹੋਈ ਇਸ ਗਲਤੀ ਬਦਲੇ ਸਿੱਧੂ ਨੇ ਜੁਰਮਾਨਾ ਭਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਕਰ ਕੇ ਉਸ ਨੂੰ ਐਨੀ ਵੱਡੀ ਰਕਮ ਦਾ ਜੁਰਮਾਨਾ ਲਗਾਇਆ ਗਿਆ। ਡੇਵਿਡ ਸਿੱਧੂ ਨੂੰ ਵੈਨਕੂਵਰ ਦੇ ਵੱਡੇ ਕਾਰੋਬਾਰੀਆਂ ਵਿੱਚ ਗਿਣਿਆ ਜਾਂਦਾ ਹੈ।