ਵਿਆਹ ਕਰ ਕੇ ਵਿਦੇਸ਼ ਭੱਜੇ 450 ਲਾੜਿਆਂ ਦੇ ਪਾਸਪੋਰਟ ਰੱਦ

0
1509
hindu wedding bride and groom celebrating wedding event with flower decorations

ਚੰਡੀਗੜ੍ਹ: ਵਿਆਹ ਕਰ ਕੇ ਵਿਦੇਸ਼ ਨੱਠੇ ੪੫੦ ਲਾੜਿਆਂ ਦੇ ਪਾਸਪੋਰਟ ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਰੱਦ ਕਰ ਦਿੱਤੇ ਹਨ। ਪਾਸਪੋਰਟ ਦਫ਼ਤਰ ਦੀ ਕਾਰਵਾਈ ਤੋਂ ਬਾਅਦ ੮੩ ਲਾੜੇ ਵਤਨ ਪਰਤ ਆਏ ਹਨ।
ਪਾਸਪੋਰਟ ਦਫ਼ਤਰ ਨੇ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਨੂੰ ਅਜਿਹੇ ਭਾਰਤੀਆਂ ਦੇ ਖ਼ਿਲਾਫ਼ ਕਾਰਵਾਈ ਲਈ ਲਿਖਿਆ ਹੈ, ਜਿਹੜੇ ਭਾਰਤ ਵਿਚ ਵਿਆਹ ਕਰਨ ਤੋਂ ਬਾਅਦ ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਨੱਠ ਗਏ।
ਇਨ੍ਹਾਂ ਸਾਰਿਆਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ੨੦ ਹਜ਼ਾਰ ਤੋਂ ਜ਼ਿਆਦਾ ਲਾੜੇ ਵਿਆਹ ਕਰਨ ਤੋਂ ਬਾਅਦ ਵਿਦੇਸ਼ ਨੱਠ ਗਏ ਹਨ। ਰੀਜਨਲ ਪਾਸਪੋਰਟ ਦਫ਼ਤਰ ਨੇ ੪੫੦ ਐੱਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਪਾਸਪੋਰਟ ਦਫ਼ਤਰ ਕੋਲ ਪੀੜਤ ਧਿਰਾਂ ਵੱਲੋਂ ਵਿਆਹ ਕਰ ਕੇ ਵਿਦੇਸ਼ ਭੱਜੇ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਪਹੁੰਚ ਰਹੀ ਹੈ। ਪਾਸਪੋਰਟ ਦਫ਼ਤਰ ਦੀ ਕਾਰਵਾਈ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ੮੩ ਲਾੜੇ ਵਾਪਸ ਪਰਤ ਆਏ ਅਤੇ ਹੁਣ ਇਕ ਵਾਰ ਫਿਰ ਆਪਣੇ ਪਰਿਵਾਰ ਦੇ ਨਾਲ ਰਹਿਣ ਨੂੰ ਰਾਜ਼ੀ ਹੋ ਗਏ ਹਨ। ੧੪ ਲਾੜਿਆਂ ਨੂੰ ਵੱਖ-ਵੱਖ ਏਅਰਪੋਰਟਾਂ ‘ਤੇ ਲੈਂਡਿੰਗ ਕਰਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪਾਸਪੋਰਟ ਦਫ਼ਤਰ ਕੋਲ ਹਾਲੇ ਲਗਪਗ ੬੦ ਸ਼ਿਕਾਇਤਾਂ ਪੈਂਡਿੰਗ ਹਨ।