ਕੈਨੇਡਾ ਵਿਚ ਅਮਰੀਕਾ ਤੋਂ ਵਾਇਰਸ ਫੈਲਣ ਦਾ ਡਰ

0
1557

ਟੋਰਾਂਟੋ: ਕੈਨੇਡਾ ‘ਚ ਨਵੇਂ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਦੀ ਦਰ ਲਗਾਤਾਰ ਘਟੀ ਹੈ ਪਰ ਨਵੇਂ ਕੇਸ ਆਉਣੇ ਬੰਦ ਨਹੀਂ ਹੋਏ ਅਤੇ ਮੌਤਾਂ ਵੀ ਹੋ ਰਹੀਆਂ
ਹਨ।
ਜਿੱਥੇ ਹੁਣ ਤੱਕ ਵਾਇਰਸ ਦਾ ਸਭ ਤੋਂ ਵੱਧ ਖਤਰਾ ਬਜ਼ੁਰਗਾਂ ਨੂੰ ਦੱਸਿਆ ਜਾਂਦਾ ਸੀ ਪਰ ਹਾਲ ਹੀ ਵਿਚ ੪੦ ਸਾਲ ਤੋਂ ਘੱਟ ਉਮਰ ਦੇ ਮਰੀਜ਼ ਵੀ ਵਧੇ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਦੇਸ਼ ਦੇ ਲੋਕਾਂ ਦੇ ਸਹਿਯੋਗ ਨਾਲ ਵਾਇਰਸ ਨੂੰ ਕਾਬੂ ਕੀਤਾ ਜਾ ਸਕਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਵਾਇਰਸ ਦੀ ਦੂਸਰੀ ਸੰਭਾਵੀ ਲਹਿਰ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ।
ਉਂਟਾਰੀਓ ‘ਚ ੧੦ ਤੋਂ ਵੱਧ ਲੋਕਾਂ ਦੀ ਇਕੱਤਰਤਾ ਕਰਨ ਦੀ ਸਖਤ ਮਨਾਹੀ ਨੂੰ ਐਮਰਜੈਂਸੀ ਹੁਕਮ ਸਮੇਤ ੧੦ ਜੁਲਾਈ ਤੱਕ ਵਧਾ ਦਿੱਤਾ ਹੈ।
ਸ਼ਹਿਰਾਂ ‘ਚ ਬੱਸਾਂ ‘ਚ ਮਾਸਕ ਲਾਜ਼ਮੀ ਕੀਤੇ ਜਾ ਰਹੇ ਹਨ। ਏਅਰ ਕੈਨੇਡਾ ਅਤੇ ਵੈਸਟਜੈਟ ਏਅਰਲਾਈਨ ਵਲੋਂ ਜਹਾਜ਼ਾਂ ‘ਚ ਵਿਚਾਲੇ ਦੀ ਸੀਟ ਖਾਲੀ ਰੱਖਣ ਦੀ ਸ਼ਰਤ ਹਟਾਉਣ ਦਾ ਐਲਾਨ ਕੀਤਾ ਹੈ ਪਰ ਦੇਸ਼ ਦੀ ਮੁੱਖ ਮੈਡੀਕਲ ਅਫ਼ਸਰ ਥਰੇਸਾ ਟੈਮ ਨੇ ਆਖਿਆ ਹੈ ਕਿ ਹਵਾਈ ਜਹਾਜ਼ਾਂ ‘ਚ (ਜੇਕਰ ਸੀਟ ਖਾਲੀ ਨਹੀਂ ਰੱਖੀ ਜਾ ਸਕਦੀ ਤਾਂ) ਯਾਤਰੀਆਂ ਲਈ ਮਾਸਕ ਅਤੇ ਵਾਇਰਸ ਤੋਂ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਅਪਨਾਉਣਾ ਵਿਸ਼ੇਸ਼ ਤੌਰ ‘ਤੇ ਜ਼ਰੂਰੀ ਹੈ।
ਅਮਰੀਕਾ ਵਿਚ ਕੋਰੋਨਾ ਵਾਇਰਸ ਬੇਕਾਬੂ ਹੋਣ ਕਾਰਨ ਕੈਨੇਡਾ ‘ਚ ਵੱਡੀ ਚਿੰਤਾ ਹੈ ਅਤੇ ਆਮ ਲੋਕ ਇਸ ਗੱਲ ਤੋਂ ਡਰ ‘ਚ ਹਨ ਕਿ ਸਰਹੱਦ ਖੋਲ੍ਹਣ ਤੋਂ ਬਾਅਦ ਅਮਰੀਕਾ ਤੋਂ ਲੋਕਾਂ ਦੇ ਆਉਣ ਨਾਲ ਵਾਇਰਸ ਦੁਬਾਰਾ ਜ਼ੋਰ ਵੱਧ ਸਕਦਾ ਹੈ।
ਇਸ ਬਾਰੇ ਸ੍ਰੀ ਟਰੂਡੋ ਨੇ ਆਖਿਆ ਹੈ ਕਿ ਸਰਹੱਦ ਖੋਲ੍ਹਣ ਦੀ ਕਾਹਲੀ ਨਹੀਂ ਕੀਤੀ ਜਾਵੇਗੀ।