ਏਅਰ ਕੈਨੇਡਾ ਨੇ ਅਣਮਿੱਥੇ ਸਮੇਂ ਲਈ ਬੰਦ ਕੀਤੀਆਂ ਘਰੇਲੂ ਉਡਾਣਾਂ

0
1558

ਸਰੀ: ਪਿਛਲੇ ਕੁਝ ਸਮੇਂ ਤੋਂ ਹਵਾਈ ਯਾਤਰੀਆਂ ਦੀ ਹੋਈ ਕਮੀ ਕਾਰਨ ਏਅਰ ਕੈਨੇਡਾ ਨੇ ਆਪਣੀਆਂ ਬਹੁਤੀਆਂ ਘਰੇਲੂ ਉਡਾਣਾਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਹਨ। ਇਹ ਬੰਦ ਹੋਈਆਂ ਉਡਾਣਾਂ ਕੈਨੇਡਾ ਦੇ ੮ ਸ਼ਹਿਰਾਂ ਅਤੇ ੩੦ ਰੂਟਾਂ ਉਤੇ ਚੱਲਦੀਆਂ ਸਨ। ਏਅਰ ਕੈਨੇਡਾ ਨੇ ਕਿਹਾ ਹੈ ਕਿ ਕੋਵਿਡ-੧੯ ਕਾਰਨ ਸਰਕਾਰ ਵੱਲੋਂ ਲਗਾਈਆਂ ਆਵਾਜਾਈ ਪਾਬੰਦੀਆਂ ਅਤੇ ਕੈਨੇਡਾ-ਅਮਰੀਕਾ ਬਾਰਡਰ ਬੰਦ ਹੋਣ ਕਾਰਨ ਸਫਰ ਕਰਨ ਵਾਲਿਆਂ ‘ਚ ਭਾਰੀ ਕਮੀ ਆਈ ਹੈ ਜਿਸ ਕਾਰਨ ਏਅਰਲਾਈਨ ਨੂੰ ਭਾਰੀ ਮਾਲੀ ਨੁਕਸਾਨ ਹੋ ਰਿਹਾ ਹੈ।
ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਹੀ ਏਅਰਲਾਈਨ ਨੂੰ ਕਰੀਬ ੧ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
ਕੰਪਨੀ ਦੇ ਸੀਈਓ ਕੈਲਿਨ ਰੋਵੀਨੈਸਕਿਊ ਅਨੁਸਾਰ ਉਨ੍ਹਾਂ ਪਿਛਲੇ ਕੁਝ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਬਾਕੀ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਆਵਾਜਾਈ ਉਦਯੋਗ ਦੀ ਹਾਲਤ ਤੋਂ ਜਾਣੂ ਕਰਵਾਇਆ ਅਤੇ ਆਵਾਜਾਈ ਉਤੇ ਲੱਗੀਆਂ ਪਾਬੰਦੀਆਂ ‘ਚ ਕੁਝ ਢਿੱਲ ਦੇਣ ਦੀ ਬੇਨਤੀ ਕੀਤੀ ਸੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੰਪਨੀ ਨੂੰ ੨੦ ਮਿਲੀਅਨ ਡਾਲਰ ਪ੍ਰਤੀ ਦਿਨ ਨੁਕਸਾਨ ਹੋਣ ਦਾ ਖਦਸ਼ਾ ਹੈ ਜਿਸ ਕਾਰਨ ਏਅਰਲਾਈਨ ਨੂੰ ਇਹ ਫੈਸਲਾ ਲੈਣਾ ਪਿਆ। ਉਡਾਣਾਂ ਦੇ ਬੰਦ ਹੋਣ ਕਾਰਨ ਕੰਪਨੀ ਨੇ ਆਪਣੇ ੨੦,੦੦੦ ਮੁਲਾਜ਼ਮਾਂ ਦੀ ਵੀ ਛੁੱਟੀ ਕਰ ਦਿੱਤੀ ਹੈ।