ਦਿੱਲੀ ਦੀ ਵਿਧਾਨ ਸਭਾ ‘ਚ ਕਰੋੜਪਤੀਆਂ ਦੀ ਬੱਲੇ-ਬੱਲੇ

0
1248

ਦਿੱਲੀ ਦੀ ਨਵੀਂ ਵਿਧਾਨ ਸਭਾ ‘ਚ ਪਾਰਟੀਆਂ ਦੀਆਂ ਘੱਟ-ਵੱਧ ਹੋਈਆਂ ਸੀਟਾਂ ਤਾਂ ਚਰਚਾ ‘ਚ ਹੈ ਹੀ, ਪਰ ਨਵੇਂ ਵਿਧਾਇਕਾਂ ਦੀ ਕੁਝ ਹੋਰ ਜਾਣਕਾਰੀ ਵੀ ਘੱਟ ਦਿਲਚਸਪ ਨਹੀਂ ਹੈ। ਦਿੱਲੀ ਦੇ ਨਵੇਂ ਵਿਧਾਇਕਾਂ ਨੇ ਪੁਰਾਣੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਦੋ ਮੁੱਖ ਲਿਹਾਜ਼ਾਂ ਨਾਲ ਪਿੱਛੇ ਛੱਡ ਦਿੱਤਾ ਹੈ। ਉਹ ਹਨ ਅਮੀਰੀ ਅਤੇ ਅਪਰਾਧਕ ਪਿਛੋਕੜ।
ਨਵੇਂ ਵਿਧਾਇਕਾਂ ‘ਚੋਂ ੭੨ ਫ਼ੀਸਦੀ ਵਿਧਾਇਕ ਕਰੋੜਪਤੀ ਹਨ, ਜਦਕਿ ੬੧ ਫ਼ੀਸਦੀ ਵਿਧਾਇਕਾਂ ਦੇ ਖ਼ਿਲਾਫ਼ ਅਪਰਾਧਕ ਮਾਮਲੇ ਚੱਲ ਰਹੇ ਹਨ।
ਇਨ੍ਹਾਂ ੫੨ ਕਰੋੜਪਤੀ ਵਿਧਾਇਕਾਂ ‘ਚੋਂ ੪੫ ‘ਆਪ’ ਨਾਲ ਸਬੰਧ ਰੱਖਦੇ ਹਨ, ਜਦਕਿ ਭਾਜਪਾ ਦੇ ਜਿੱਤੇ ਕੁੱਲ ੮ ਵਿਧਾਇਕਾਂ ‘ਚੋਂ ੭ ਕਰੋੜਪਤੀ ਹਨ। ਪਿਛਲੀ ਵਾਰ ‘ਆਪ’ ਦੇ ੬੭ ਵਿਧਾਇਕਾਂ ‘ਚੋਂ ੪੧ ਕਰੋੜਪਤੀ ਸਨ, ਜਦਕਿ ਭਾਜਪਾ ਦੇ ਤਿੰਨੋਂ ਹੀ ਵਿਧਾਇਕ ਕਰੋੜਪਤੀ ਹਨ। ਮੌਜੂਦਾ ਵਿਧਾਇਕਾਂ ‘ਚੋਂ ਸਭ ਤੋਂ ਵੱਧ ਸੰਪਤੀ ਮੁਡੰਕਾ ਸੀਟ ਤੋਂ ‘ਆਪ’ ਵਿਧਾਇਕ ਧਰਮਪਾਲ ਲਾਕੜਾ ਦੀ ਹੈ।
ਉਨ੍ਹਾਂ ਕੋਲ ੨੯੨ ਕਰੋੜ ਤੋਂ ਵੱਧ ਦੀ ਸੰਪਤੀ ਹੈ। ਆਪ ਦੇ ੬੨ ਵਿਧਾਇਕਾਂ ਦੀ ਪ੍ਰਤੀ ਵਿਧਾਇਕ ਔਸਤ ਸੰਪਤੀ ੧੪.੯੬ ਕਰੋੜ ਰੁਪਏ ਹੈ, ਜਦਕਿ ਭਾਜਪਾ ਵਿਧਾਇਕਾਂ ਦੀ ਔਸਤ ਸੰਪਤੀ ੯.੧੦ ਕਰੋੜ ਰੁਪਏ ਹੈ। ਦਿੱਲੀ ਦੀ ਨਵੀਂ ਵਿਧਾਨ ਸਭਾ ‘ਚ ਪ੍ਰਤੀ ਵਿਧਾਇਕ ਔਸਤ ਸੰਪਤੀ ੧੪.੨੯ ਕਰੋੜ ਰੁਪਏ ਹੈ। ਇਹ ਅੰਕੜਾ ੨੦੧੫ ‘ਚ ੬.੨੯ ਕਰੋੜ ਰੁਪਏ ਸੀ। ੨੦੧੫ ਦੇ ਆਪ ਵਿਧਾਇਕ ਪ੍ਰਮਿਲਾ ਟੋਕਸ ਸਭ ਤੋਂ ਵੱਧ ਅਮੀਰ ਸੀ। ਉਸ ਸਮੇਂ ਉਨ੍ਹਾਂ ਕੋਲ ੮੭.੯੧ ਕਰੋੜ ਰੁਪਏ ਦੀ ਸੰਪਤੀ ਸੀ, ਜੋ ਹੁਣ ਘੱਟ ਕੇ ੮੦.੮੯ ਕਰੋੜ ਰੁਪਏ ਹੋ ਗਈ ਹੈ।
ਇਸ ‘ਘਟੀ’ ਸੰਪਤੀ ਨਾਲ ਵੀ ਉਹ ਆਪ ਦੀ ਦੂਜੀ ਅਮੀਰ ਵਿਧਾਇਕਾ ਬਣੀ ਹੋਈ ਹੈ ਜਦਕਿ ਰਾਜਕੁਮਾਰ ਆਨੰਦ ੭੮.੯੧ ਕਰੋੜ ਰੁਪਏ ਨਾਲ ਤੀਜੇ ਅਮੀਰ ਆਪ ਵਿਧਾਇਕ ਹਨ।
ਰਾਖੀ ਬਿਰਲਾ ਕੋਲ
ਸਭ ਤੋਂ ਘੱਟ ਸੰਪਤੀ
ਪਿਛਲੀ ਵਾਰ ਵਾਂਗ ਇਸ ਵਾਰ ਵੀ ਸਭ ਤੋਂ ਘੱਟ ਸੰਪਤੀ ਮੰਗੋਲਪੁਰੀ ਤੋਂ ‘ਆਪ’ ਵਿਧਾਇਕਾ ਰਾਖੀ ਬਿਰਲਾ ਕੋਲ ਹੀ ਹੈ। ਹਾਲਾਂਕਿ ਪਿਛਲੀ ਵਾਰ ੧੮ ਹਜ਼ਾਰ ਰੁਪਏ ਦੀ ਸੰਪਤੀ ਤੋਂ ਵੱਧ ਕੇ ਇਹ ਰਕਮ ੭੬ ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਬੁਰਾੜੀ ਤੋਂ ‘ਆਪ’ ਦੇ ਸੰਜੀਵ ਝਾਅ ੧੦.੩੭ ਲੱਖ ਰੁਪਏ ਨਾਲ ਦੂਜੇ ਅਤੇ ਸਦਰ ਬਾਜ਼ਾਰ ਤੋਂ ਆਪ ਵਿਧਾਇਕ ਸੋਮਦੱਤ ਘੱਟ ਸੰਪਤੀ ਰੱਖਣ ਵਾਲੀ ਸੂਚੀ ‘ਚ ਤੀਜੇ ਸਥਾਨ ‘ਤੇ ਹਨ।
੪੩ ਵਿਧਾਇਕਾਂ ‘ਤੇ ਹਨ ਅਪਰਾਧਕ ਮਾਮਲੇ
ਨਵੇਂ ਚੁਣੇ ਵਿਧਾਇਕਾਂ ‘ਚੋਂ ੬੧ ਫ਼ੀਸਦੀ ‘ਤੇ ਅਪਰਾਧਕ ਮਾਮਲੇ ਚੱਲ ਰਹੇ ਹਨ ਜਦਕਿ ਪਿਛਲੀ ਵਾਰ ਇਹ ਅੰਕੜਾ ਸਿਰਫ਼ ੩੪ ਫ਼ੀਸਦੀ ਸੀ। ੭੦ ਵਿਧਾਇਕਾਂ ‘ਚੋਂ ੪੩ ‘ਤੇ ਅਪਰਾਧਕ ਮਾਮਲੇ ਚੱਲ ਰਹੇ ਹਨ। ਇਨ੍ਹਾਂ ੪੩ ਵਿਧਾਇਕਾਂ ‘ਚੋਂ ੩੭ ‘ਤੇ ਜਬਰ ਜਨਾਹ, ਹੱਤਿਆ ਦੀ ਕੋਸ਼ਿਸ਼ ਅਤੇ ਔਰਤਾਂ ਦੇ ਖ਼ਿਲਾਫ਼ ਅਪਰਾਧਾਂ ਜਿਹੇ ਗੰਭੀਰ ਮਾਮਲੇ ਵੀ ਹਨ। ਇਨ੍ਹਾਂ ਚੋਂ ਇਕ ਜਬਰ ਜਨਾਹ ਨਾਲ ਜੁੜਿਆ ਮਾਮਲਾ ਵੀ ਹੈ। ਪਾਰਟੀ ਪੱਧਰ ‘ਤੇ ‘ਆਪ’ ਦੇ ੬੨ ‘ਚੋਂ ੩੮ ਦੇ ਖ਼ਿਲਾਫ ਜਦਕਿ ਭਾਜਪਾ ਦੇ ੮ ‘ਚੋਂ ੫ ਦੇ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹਨ।
੭ ਵਿਧਾਇਕ ੧੦ਵੀਂ ਪਾਸ, ੧੪ ਵਿਧਾਇਕ ੧੨ਵੀਂ ਪਾਸ
ਉੱਤਮ ਨਗਰ ਤੋਂ ਜਿੱਤੇ ਨਰੇਸ਼ ਬਲਿਆਨ ਅਤੇ ਸੀਲਮਪੁਰ ਤੋਂ ਜਿੱਤੇ ਅਬਦੁਲ ਰਹਿਮਾਨ ਸਭ ਤੋਂ ਘੱਟ ਪੜ੍ਹੇ-ਲਿਖੇ ਵਿਧਾਇਕ ਹਨ। ਦੋਵੇਂ ਸਿਰਫ਼ ੮ਵੀਂ ਪਾਸ ਹਨ। ੭ ਵਿਧਾਇਕ ੧੦ਵੀਂ ਪਾਸ ਅਤੇ ੧੪ ਵਿਧਾਇਕ ੧੨ਵੀਂ ਪਾਸ ਹਨ। ਇਸ ਤੋਂ ਇਲਾਵਾ ੨੪ ਗ੍ਰੈਜੂਏਟ ਅਤੇ ੧੮ ਪੋਸਟ ਗ੍ਰੈਜੂਏਟ ਹਨ। ਨਵੀਂ ਵਿਧਾਨ ਸਭਾ ‘ਚ ਕੇਡਲੀ ਤੋਂ ਜਿੱਤਣ ਵਾਲੇ ਕੁਲਦੀਪ ਕੁਮਾਰ ੩੦ ਸਾਲ ਦੀ ਉਮਰ ਦੇ ਸਭ ਤੋਂ ਨੌਜਵਾਨ ਵਿਧਾਇਕ ਹਨ, ਜਦਕਿ ਸ਼ਾਹਦਰਾ ਤੋਂ ਜਿੱਤਣ ਵਾਲੇ ੭੨ ਸਾਲਾ ਰਾਮ ਨਿਵਾਸ ਗੋਇਲ ਸਭ ਤੋਂ ਉਮਰ ਦਰਾਜ ਵਿਧਾਇਕ
ਹਨ।