ਜਸ਼ਨ ਦੌਰਾਨ ਨਿਊ ਯਾਰਕ ‘ਚ ਗੋਲੀਆਂ ਚੱਲੀਆਂ

0
956

ਮਿਨੀਪੋਲਿਸ: ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ਦੇ ਇੱਕ ਭੀੜ ਵਾਲੇ ਇਲਾਕੇ ਵਿੱਚ ਕੱਲ੍ਹ ਤੜਕੇ ਹੋਈ ਫਾਇਰਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ੧੧ ਲੋਕ ਜ਼ਖਮੀ ਹੋ ਗਏ।
ਇਸ ਸ਼ਹਿਰ ਦੇ ਉਤਰੀ ਇਲਾਕੇ ਵਿੱਚ ਇਹ ਘਟਨਾ ਓਥੇ ਹੋਈ, ਜਿੱਥੇ ਇਸ ਇਲਾਕੇ ਵਿੱਚ ਬਾਰ, ਰੈਸਟੋਰੈਂਟ ਦੇ ਨਾਲ ਹੀ ਕਈ ਵੱਡੀਆਂ ਕੰਪਨੀਆਂ ਦੇ ਸਟੋਰ ਹਨ। ਛੁੱਟੀ ਹੋਣ ਦੇ ਕਾਰਨ ਇਥੇ ਦੇਰ ਰਾਤ ਤੱਕ ਲੋਕਾਂ ਦੀ ਭੀੜ ਰਹਿੰਦੀ ਹੈ। ਫਾਇਰਿੰਗ ਦੇ ਸਮੇਂ ਵੀ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਨ।
ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਘੱਟ ਤੋਂ ਘੱਟ ੧੦ ਲੋਕਾਂ ਨੂੰ ਗੋਲੀ ਮਾਰੀ ਗਈ ਹੈ। ਬਾਅਦ ਵਿੱਚ ਪੁਲਸ ਨੇ ੧੨ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ, ਜਿਸ ਵਿੱਚ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਹ ਇਲਾਕਾ ਮਿਨੀਪੋਲਿਸ ਤੋਂ ਪੰਜ ਕਿਲੋਮੀਟਰ ਦੂਰ ਹੈ, ਜਿੱਥੇ ਫਲਾਇਡ ਦੀ ਮੌਤ ਦੇ ਬਾਅਦ ਦੰਗੇ ਭੜਕੇ ਸਨ।
ਇਸ ਦੌਰਾਨ ਮੱਧ ਨਿਊ ਯਾਰਕ ਵਿੱਚ ਜਸ਼ਨ ਦੌਰਾਨ ਹੋਈ ਫਾਇਰਿੰਗ ਵਿੱਚ ਨੌਂ ਲੋਕ ਜ਼ਖਮੀ ਹੋਏ ਪਤਾ ਲੱਗੇ ਹਨ। ਸਾਇਰਾਕਿਊਜ ਪੁਲਸ ਦੇ ਮੁਖੀ ਕੈਂਟਨ ਬਕਨਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਗੋਲੀਬਾਰੀ ਵਿੱਚ ਜ਼ਖਮੀ ਹੋਏ ਨੌਂ ਲੋਕਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਬਕਨਰ ਨੇ ਸਾਇਰਾਕਿਊਜ ਦੇ ਮੇਅਰ ਬੇਨ ਵਾਲਸ਼ ਦੇ ਨਾਲ ਇੱਕ ਪ੍ਰੈਸ ਮਿਲਣੀ ਵਿੱਚ ਦੱਸਿਆ ਕਿ ਤੁਰੰਤ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਤੇ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਇਰਾਕਿਊਜ ਦੇ ਅਧਿਕਾਰੀ ਇੱਕ ਕਾਰ ਚੋਰੀ ਦੀ ਸ਼ਿਕਾਇਤ ਮਿਲਣ ਪਿੱਛੋਂ ਰਾਤ ਨੌਂ ਵਜੇ ਤੋਂ ਪਹਿਲਾਂ ਘਟਨਾ ਵਾਲੀ ਜਗ੍ਹਾ ਪਹੁੰਚੇ ਸਨ, ਪਰ ਉਥੇ ਮੌਜੂਦ ਲੋਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸੈਂਕੜੇ ਲੋਕਾਂ ਦੀ ਭੀੜ ‘ਤੇ ਗੋਲੀਆਂ ਚਲਾਈਆਂ ਗਈਆਂ ਹਨ।
ਕੱਲ੍ਹ ਤੜਕੇ ਟੈਕਸਾਸ ਸੂਬੇ ਦੀ ਰਾਜਧਾਨੀ ਆਸਟਿਨ ਵਿੱਚ ਵੀ ਗੋਲੀਬਾਰੀ ਵਿੱਚ ਪੰਜ ਨਾਗਰਿਕ ਜ਼ਖਮੀ ਹੋ ਗਏ। ਜ਼ਖਮੀ ਸਾਰੇ ਅੱਲ੍ਹੜ ਹਨ ਅਤੇ ਜੀਵਨ ਦੇ ਖਤਰੇ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਮਰੀਕਾ ਦੇ ਸੀਏਟਲ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ੧੯ ਸਾਲ ਦੇ ਨੌਜਵਾਨ ਦੀ ਮੌਤ ਹੋ ਗਈ, ਉਥੇ ਹੀ ਕਈ ਹੋਰ ਗੰਭੀਰ ਜ਼ਖਮੀ ਹੋ ਗਏ। ਘਟਨਾ ਸੀਏਟਲ ਦੇ ਪ੍ਰਦਰਸ਼ਨ ਸਥਾਨ ‘ਤੇ ਹੋਈ।