ਨਵੇਂ ਫ਼ਾਊਂਡਰੀ ਕੇਂਦਰਾਂ ਨਾਲ ਨੌਜੁਆਨ ਵਰਗ ਲਈ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ

0
912

ਵੈਨਕੂਵਰ-ਪੂਰੇ ਸੂਬੇ ਵਿੱਚ ਅੱਠ ਨਵੇਂ ਫ਼ਾਊਂਡਰੀ ਕੇਂਦਰ ਵਿਕਸਤ ਕੀਤੇ ਜਾਣ ਨਾਲ ਸਾਰੇ ਬ੍ਰਿਟਿਸ਼ ਕੋਲੰਬੀਆ ਵਿੱਚ ਨੌਜੁਆਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸਬੰਧਤ ਸੇਵਾਵਾਂ ਅਤੇ ਸਹਾਇਤਾ ਤੱਕ ਵਧੇਰੇ ਤੇਜ਼ੀ ਨਾਲ, ਵਧੇਰੇ ਆਸਾਨ ਪਹੁੰਚ ਹੋ ਸਕੇਗੀ।

ਅੱਠ ਨਵੇਂ ਫ਼ਾਊਂਡਰੀ ਕੇਂਦਰ ਬਰਨਜ਼ ਲੇਕ, ਕੋਮੌਕਸ ਵੈਲੀ, ਕਰੈਨਬਰੁੱਕ, ਲੈਂਗਲੀ, ਸਕੁਆਮਿਸ਼, ਸਰੀ, ਪੋਰਟ ਹਾਰਡੀ ਅਤੇ ਵਿਲੀਅਮਜ਼ ਲੇਕ ਵਿੱਚ ਹੋਣਗੇ।

ਇਹ ਨਵੀਆਂ ਥਾਂਵਾਂ, ਜਿਵੇਂ ਕਿ ਸਾਰੇ ਫ਼ਾਊਂਡਰੀ ਕੇਂਦਰਾਂ ਵਿੱਚ ਹੁੰਦਾ ਹੈ, ੧੨ ਤੋਂ ੨੪ ਸਾਲ ਦੀ ਉਮਰ ਦੇ ਨੌਜੁਆਨ ਲੋਕਾਂ ਲਈ, ਪੇਂਡੂ ਅਤੇ ਸ਼ਹਿਰੀ ਦੋਹਾਂ ਭਾਈਚਾਰਿਆਂ ਵਿੱਚ, ਸਿਹਤ ਅਤੇ ਤੰਦਰੁਸਤੀ ਨਾਲ ਸਬੰਧਤ ਏਕੀਕ੍ਰਿਤ ਸੇਵਾਵਾਂ ਤੱਕ ਹੋਰ ਵਧੇਰੇ ਪਹੁੰਚ ਪ੍ਰਦਾਨ ਕਰਨਗੀਆਂ। ਹਰ ਇੱਕ ਕੇਂਦਰ, ਮੁਢਲੀ ਸੰਭਾਲ, ਨੌਜੁਆਨਾਂ ਅਤੇ ਪਰਿਵਾਰਾਂ ਨੂੰ ਸਾਥ ਰਾਹੀਂ ਸਹਾਇਤਾ, ਬਿਨਾਂ ਸਮਾਂ ਤੈਅ ਕੀਤਿਆਂ ਕਾਉਂਸਲਿੰਗ, ਮਾਨਸਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸਬੰਧਤ ਸੇਵਾਵਾਂ, ਅਤੇ ਸਮਾਜਕ ਸੇਵਾਵਾਂ, ਸਭ ਇੱਕੋ ਛੱਤ ਥੱਲੇ ਪ੍ਰਦਾਨ ਕਰੇਗਾ ਜਿਸ ਨਾਲ ਨੌਜੁਆਨਾਂ ਲਈ, ਜਦੋਂ ਵੀ ਉਨ੍ਹਾਂ ਨੂੰ ਲੋੜ ਪਵੇ, ਮਦਦ ਲੈਣਾ ਆਸਾਨ ਹੋ ਜਾਵੇਗਾ।

“ਮੈਂ ਬਹੁਤ ਉਤਸ਼ਾਹਤ ਹਾਂ ਕਿ ਨੌਜੁਆਨ ਲੋਕ ਅੱਠ ਹੋਰ ਭਾਈਚਾਰਿਆਂ-ਬੀ ਸੀ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ- ਉਨ੍ਹਾਂ ਮਾਨਸਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸਬੰਧਤ ਸੇਵਾਵਾਂ ਤੱਕ ਫ਼ੌਰੀ ਪਹੁੰਚ ਹਾਸਲ ਕਰ ਸਕਣਗੇ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ ਅਤੇ ਜਿਨ੍ਹਾਂ ਦੇ ਉਹ ਹੱਕਦਾਰ ਹਨ,” ਜੂਡੀ ਡਾਰਸੀ, ਮਾਨਸਕ ਸਿਹਤ ਅਤੇ ਨਸ਼ਾਖ਼ੋਰੀ ਦੀ ਮੰਤਰੀ ਨੇ ਕਿਹਾ, “ਨੌਜੁਆਨ ਲੋਕਾਂ ਦੀ ਮਾਨਸਕ ਸਿਹਤ ‘ਤੇ ਕੋਵਿਡ-੧੯ ਦਾ ਇੱਕ ਵੱਡਾ ਪ੍ਰਭਾਵ ਪੈਣ ਕਰਕੇ-ਅਤੇ ਲੋੜੋਂ ਵੱਧ ਨਸ਼ਾ ਕਰਨ (ਉਵਰਡੋਜ਼) ਦਾ ਸੰਕਟ ਜਾਰੀ ਰਹਿਣ ਕਾਰਣ-ਇਹ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਵਧੀਆ ਸੇਵਾਵਾਂ ਤੱਕ ਫ਼ੌਰੀ ਪਹੁੰਚ ਹੋ ਸਕੇ ਜੋ ਕਿ ਫ਼ਾਊਂਡਰੀ ਪ੍ਰਦਾਨ ਕਰਦੀ ਹੈ।”

ਇਹ ਅੱਠ ਨਵੇਂ ਫ਼ਾਊਂਡਰੀ ਕੇਂਦਰ ਹੇਠ ਦਿੱਤੀਆਂ ਸਥਾਨਕ, ਭਾਈਚਾਰਾ-ਅਧਾਰਤ ਮੋਹਰੀ ਏਜੰਸੀਆਂ ਦੁਆਰਾ ਖੋਲ੍ਹੇ ਅਤੇ ਸੰਚਾਲਤ ਕੀਤੇ ਜਾਣਗੇ:

• ਬਰਨਜ਼ ਲੇਕ: ਕੈਰੀਅਰ ਸੈਕਨੀ ਫ਼ੈਮਿਲੀ ਸਰਵਿਸਜ਼
• ਕੋਮੌਕਸ ਵੈਲੀ: ਜੌਨ ਹੋਵਰਡ ਸੋਸਾਇਟੀ ਔਫ਼ ਨੌਰਥ ਆਈਲੈਂਡ
• ਕਰੈਨਬਰੁੱਕ: ਟੁਨੈਕਸਾ-ਕਿਨਬਾਸਕਿਟ ਚਾਈਲਡ ਐਂਡ ਫ਼ੈਮਿਲੀ ਸਰਵਿਸ ਸੋਸਾਇਟੀ
• ਲੈਂਗਲੀ: ਐਨਕੰਪਸ ਸਪੋਰਟ ਸਰਵਿਸਜ਼ ਸੋਸਾਇਟੀ
• ਸਕੁਆਮਿਸ਼: ਸੀ ਟੂ ਸਕਾਈ ਕਮਿਉਨਿਟੀ ਸਰਵਿਸਜ਼ ਸੋਸਾਇਟੀ
• ਸਰੀ: ਪੈਸਿਫ਼ਿਕ ਕਮਿਉਨਿਟੀ ਰੀਸੋਰਸਿਜ਼ ਸੋਸਾਇਟੀ
• ਪੋਰਟ ਹਾਰਡੀ: ਨੌਰਥ ਆਈਲੈਂਡ ਕ੍ਰਾਈਸਿਸ ਐਂਡ ਕਾਉਂਸਲਿੰਗ ਸੈਂਟਰ ਸੋਸਾਇਟੀ
• ਵਿਲੀਅਮਜ਼ ਲੇਕ: ਕੈਰਿਬੂ ਚਿਲਕੋਟਿਨ ਚਾਈਲਡ ਡਿਵੈਲਪਮੈਂਟ ਸੈਂਟਰ ਐਸੋਸੀਏਸ਼ਨ

“ਕਿਸੇ ਭਾਈਚਾਰੇ ਵਿੱਚ ਇੱਕ ਨਵੀਂ ਫ਼ਾਊਂਡਰੀ ਇੱਕ ਅਜਿਹਾ ਸੰਕੇਤ ਹੈ ਕਿ ਜਿਸ ਨਾਲ ਨੌਜੁਆਨ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਅਜਿਹਾ ਸਥਾਨ ਮੌਜੂਦ ਹੈ ਜੋ ਕੇਵਲ ਉਨ੍ਹਾਂ ਵਾਸਤੇ ਹੈ, ਜਿੱਥੇ ਉਨ੍ਹਾਂ ਨੂੰ ਉਹ ਸਹਾਇਤਾ ਮਿਲ ਸਕਦੀ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੈ, ਅਤੇ ਉਹ ਵੀ ਬਿਲਕੁਲ ਉਸ ਥਾਂ ਜਿੱਥੇ ਉਹ ਰਹਿੰਦੇ ਹਨ,” ਕੈਟਰੀਨ ਕੌਨਰੌਇ, ਬਾਲ ਅਤੇ ਪਰਿਵਾਰ ਵਿਕਾਸ ਦੀ ਮੰਤਰੀ ਨੇ ਕਿਹਾ, “ਫ਼ਾਊਂਡਰੀ ਕੇਂਦਰਾਂ ਵਿੱਚ ਬਾਲ ਅਤੇ ਨੌਜੁਆਨ ਮਾਨਸਕ ਸਿਹਤ ਕਾਮੇ, ਨੌਜੁਆਨ ਲੋਕਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਮੁੜ ਤੋਂ ਤੰਦਰੁਸਤੀ ਦੇ ਰਾਹ ‘ਤੇ ਤੁਰਨ ਵਿੱਚ ਮਦਦ ਕਰਨ ਲਈ ਉਨ੍ਹਾਂ ਦਾ ਮੁਢਲੀਆਂ ਵਿਧੀਆਂ ਨਾਲ ਮੇਲ ਕਰਾ ਕੇ, ਇਕ ਮੁੱਖ ਭੂਮਿਕਾ ਨਿਭਾਉਂਦੇ ਹਨ।”

ਇਨ੍ਹਾਂ ਨਵੀਆਂ ਥਾਂਵਾਂ ਦੀ ਚੋਣ ਇੱਕ ਵਿਸਤ੍ਰਿਤ ਦੋ-ਪੜਾਵੀ ਮੁਲਾਂਕਣ ਪ੍ਰਕਿਰਿਆ ਤੋਂ ਬਾਦ ਕੀਤੀ ਗਈ। ਇਹ ਪ੍ਰਕਿਰਿਆ ਅਕਤੂਬਰ ੨੦੧੯ ਵਿੱਚ ਦਿਲਚਸਪੀ ਜ਼ਾਹਰ ਕਰਨ ਦੇ ਸੱਦੇ (call for expressions of interest) ਨਾਲ ਸ਼ੁਰੂ ਹੋਈ ਸੀ ਅਤੇ ਜਿਸ ਵਿੱਚ ਬਹੁਤ ਸਾਰੇ ਸੁਤੰਤਰ ਪੈਨਲ, ਇੱਕ ਦੋ-ਦਿਨਾ ਆਮ੍ਹੋ ਸਾਮ੍ਹਣੇ ਹੋਣ ਵਾਲਾ ਸੈਸ਼ਨ, ਇੱਕ ਦੂਸਰੀ ਲਿਖਤੀ ਪ੍ਰਸਤੁਤੀ, ਅਤੇ ਰੁਚਿਤ ਭਾਈਚਾਰਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਫ਼ੋਨ ਰਾਹੀਂ ਅਤੇ ਆਮ੍ਹੋ ਸਾਮ੍ਹਣੇ ਇੰਟਰਵਿਊ ਸ਼ਾਮਲ ਸੀ।

“ਅਗਲੀਆਂ ਅੱਠ ਮੋਹਰੀ ਏਜੰਸੀਆਂ ਦੀ ਚੋਣ ਕਰਨ ਲਈ ਵਿਸਤਾਰ ਪ੍ਰਕਿਰਿਆ ਵਿੱਚ ਜੋ ਭਾਈਚਾਰੇ ਸ਼ਾਮਲ ਹੋਏ, ਉਨ੍ਹਾਂ ਨੇ ਸਾਡੀ ਹੌਸਲਾ-ਅਫ਼ਜ਼ਾਈ ਕੀਤੀ,” ਸਟੀਵ ਮੈਥੀਆਜ਼, ਕਾਰਜਕਾਰੀ ਨਿਰਦੇਸ਼ਕ, ਫ਼ਾਊਂਡਰੀ ਨੇ ਕਿਹਾ, “ਪੂਰੇ ਬੀ ਸੀ ਵਿੱਚੋਂ ਭਾਈਚਾਰੇ, ਪੇਂਡੂ ਅਤੇ ਸ਼ਹਿਰੀ, ਨੇ ਅਨੁਭਵ ਕੀਤਾ ਕਿ ਇਹ ਕੁਝ ਅਜਿਹਾ ਸੀ ਜਿਸ ਦੀ ਉਨ੍ਹਾਂ ਦੇ ਨੌਜੁਆਨਾਂ ਅਤੇ ਪਰਿਵਾਰਾਂ ਨੂੰ ਲੋੜ ਸੀ ਅਤੇ ਜੋ ਉਹ ਚਾਹੁੰਦੇ ਸਨ। ਸਾਨੂੰ ਉਮੀਦ ਹੈ ਕਿ ਸਾਡਾ ਇਹ ਨੈੱਟਵਰਕ ੧੯ ਕੇਂਦਰਾਂ ਤੱਕ ਵਧ ਜਾਏਗਾ, ਅਤੇ ਆਖ਼ਰਕਾਰ ਅਸੀਂ ਇਨ੍ਹਾਂ ਫ਼ਾਊਂਡਰੀ ਕੇਂਦਰਾਂ ਦਾ ਨੌਜੁਆਨਾਂ, ਪਰਿਵਾਰਾਂ, ਦੇਖਭਾਲ-ਪ੍ਰਦਾਨਕਰਤਾਵਾਂ ਅਤੇ ਭਾਈਚਾਰਿਆਂ ‘ਤੇ ਇੱਕ ਵੱਡਾ ਪ੍ਰਭਾਵ ਪੈਂਦਾ ਵੇਖ ਸਕਾਂਗੇ।”

ਉਨ੍ਹਾਂ ਨੌਜੁਆਨਾਂ ਅਤੇ ਪਰਿਵਾਰਾਂ ਲਈ ਜੋ ਕਿਸੇ ਫ਼ਾਊਂਡਰੀ ਕੇਂਦਰ ਦੇ ਨੇੜੇ ਨਹੀਂ ਰਹਿੰਦੇ, ਫ਼ਾਊਂਡਰੀ ਨੇ ਹਾਲ ਹੀ ਵਿੱਚ, ਪੂਰੇ ਸੂਬੇ ਵਿੱਚ ਇੱਕ ਨਵੀਂ ਵਰਚੁਅਲ ਸੇਵਾ ਆਰੰਭ ਕੀਤੀ ਹੈ, ਜਿਸ ਤੱਕ ੧੨-੨੪ ਸਾਲ ਦੀ ਉਮਰ ਦੇ ਨੌਜੁਆਨ ਲੋਕਾਂ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਲਿਆਂ ਵੱਲੋਂ ਆਵਾਜ਼, ਵਿਡੀਉ ਅਤੇ ਚੈਟ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ। ਫ਼ਾਊਂਡਰੀ ਦੀਆਂ ਵਰਚੁਅਲ ਸੇਵਾਵਾਂ ਵਿੱਚ ਬਿਨਾਂ ਸਮਾਂ ਤੈਅ ਕੀਤਿਆਂ ਕਾਉਂਸਲਿੰਗ, ਸਾਥ ਰਾਹੀਂ ਸਹਾਇਤਾ ਅਤੇ ਪਰਿਵਾਰਕ ਮਦਦ ਸ਼ਾਮਲ ਹਨ, ਅਤੇ ਜਲਦੀ ਹੀ ਮੁਢਲੀ ਸੰਭਾਲ ਵੀ ਸ਼ਾਮਲ ਕੀਤੀ ਜਾਵੇਗੀ।

ਫ਼ਾਊਂਡਰੀ ਦਾ ਮਾਡਲ ‘ਏ ਪਾਥਵੇਅ ਟੂ ਹੋਪ’ ਦਾ ਇੱਕ ਅਨਿੱਖੜਵਾਂ ਹਿੱਸਾ ਹੈ, ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਮਾਨਸਕ ਸਿਹਤ ਅਤੇ ਨਸ਼ਾਖ਼ੋਰੀ ਦੀ ਸੰਭਾਲ ਨੂੰ ਲੋਕਾਂ ਲਈ ਬਿਹਤਰ ਬਣਾਉਣ ਦਾ ਬੀ ਸੀ ਦਾ ਇੱਕ ਖ਼ਾਕਾ ਹੈ। ‘ਏ ਪਾਥਵੇਅ ਟੂ ਹੋਪ’ ਨੂੰ ਲਾਗੂ ਕਰਨਾ ਬੀ ਸੀ ਗਰੀਨ ਪਾਰਟੀ ਕੌਕਸ ਨਾਲ ਇੱਕ ਸਾਂਝੀ ਤਰਜੀਹ ਹੈ ਅਤੇ ਕੌਨਫ਼ੀਡੈਂਸ ਅਤੇ ਸਪਲਾਈ ਐਗਰੀਮੈਂਟ ਦਾ ਹਿੱਸਾ ਹੈ।

ਕਥਨ:

ਮਿਸ਼ੈੱਲ ਸ਼ਾਅ, ਡਾਇਰੈਕਟਰ ਔਫ਼ ਉਪ੍ਰੇਸ਼ਨ, ਫ਼ਰੇਜ਼ਰ ਸਾਊਥ, ਪੈਸਿਫ਼ਿਕ ਕਮਿਉਨਿਟੀ ਰੀਸੋਰਸਿਜ਼ ਸੋਸਾਇਟੀ-
“ਅਸੀਂ ਵਧੇਰੇ ਮਜ਼ਬੂਤ ਅਤੇ ਬਿਹਤਰ ਹੁੰਦੇ ਹਾਂ ਜਦੋਂ ਅਸੀਂ ਰਲ ਕੇ ਕੁਝ ਚੀਜ਼ਾਂ ਕਰਦੇ ਹਾਂ- ਸਰੀ ਦੇ ਨੌਜੁਆਨ ਵਰਗ, ਪਰਿਵਾਰਾਂ ਅਤੇ ਸੇਵਾ-ਪ੍ਰਦਾਨਕਰਤਾਵਾਂ ਦੀ ਭਾਈਵਾਲੀ ਨਾਲ ਵਿਕਸਤ ਕੀਤਾ ਗਿਆ, ਸਰੀ ਵਿੱਚ ਇੱਕ ਫ਼ਾਊਂਡਰੀ ਕੇਂਦਰ, ਤੰਦਰੁਸਤੀ ਵਿੱਚ ਸਹਾਇਤਾ ਲਈ ਲੋੜੀਂਦੀਆਂ ਸੇਵਾਵਾਂ, ਸੰਪਰਕ ਅਤੇ ਮੁਢਲੀਆਂ ਵਿਧੀਆਂ ਤੱਕ ਬੇਜੋੜ ਪਹੁੰਚ ਉਤਪੰਨ ਕਰੇਗਾ।”

ਜੈਸਿਕਾ ਸੋਲ, ਪ੍ਰੋਵਿੰਸ਼ੀਅਲ ਯੂਥ ਐਡਵਾਈਜ਼ਰ, ਫ਼ਾਊਂਡਰੀ-
“ਏਕੀਕ੍ਰਿਤ ਅਤੇ ਪਹੁੰਚਯੋਗ ਸੇਵਾਵਾਂ ਤੰਦਰੁਸਤੀ ਲਈ ਜ਼ਰੂਰੀ ਹਨ। ਇਹ ਨਵੇਂ ਫ਼ਾਊਂਡਰੀ ਕੇਂਦਰ ਹਜ਼ਾਰਾਂ ਨੌਜੁਆਨਾਂ ਨੂੰ ਇੱਕ ਉਮੀਦ ਪ੍ਰਦਾਨ ਕਰਨਗੇ। ਪਿਛਲੇ ਚਾਰ ਸਾਲਾਂ ਦੌਰਾਨ, ਫ਼ਾਊਂਡਰੀ ਨੇ ਸ਼ਰਮ ਅਤੇ ਇਲਜ਼ਾਮ, ਜੋ ਲੰਮੇ ਸਮੇਂ ਤੋਂ ਮਾਨਸਕ ਸਿਹਤ ਅਤੇ ਨਸ਼ਾਖ਼ੋਰੀ ਬਾਰੇ ਸੰਵਾਦ ਨੂੰ ਰੋਕ ਰਹੇ ਸਨ, ਦੇ ਟੁਕੜੇ ਟੁਕੜੇ ਕਰ ਕੇ ਇੱਕ ਬਿਹਤਰ, ਵਧੇਰੇ ਸਿਹਤਮੰਦ ਬ੍ਰਿਟਿਸ਼ ਕੋਲੰਬੀਆ ਬਣਾਉਣ ਲਈ ਮੁਹਿੰਮ ਦੀ ਅਗਵਾਈ ਕੀਤੀ ਹੈ।”

ਲਾਇਲਾ ਫ਼ਰੇਰਾ, ਪ੍ਰੋਵਿੰਸ਼ੀਅਲ ਫ਼ੈਮਿਲੀ ਐਡਵਾਈਜ਼ਰ, ਫ਼ਾਊਂਡਰੀ-
“ਜੀਵਨ ਅਨੁਭਵ ਵਾਲੇ ਇੱਕ ਮਾਪੇ ਦੇ ਤੌਰ ‘ਤੇ, ਮੈਨੂੰ ਨਿਜੀ ਜਾਣਕਾਰੀ ਹੈ ਕਿ ਜਦੋਂ ਕਿਸੇ ਨੌਜੁਆਨ ਵਿਅਕਤੀ ਦਾ ਜੀਵਨ, ਮਾਨਸਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਚੁਣੌਤੀਆਂ ‘ਚੋਂ ਗੁਜ਼ਰਦਾ ਹੈ, ਤਾਂ ਇਸ ਦਾ ਪੂਰੇ ਪਰਿਵਾਰ ‘ਤੇ ਪ੍ਰਭਾਵ ਪੈਂਦਾ ਹੈ। ਫ਼ਾਊਂਡਰੀ ਦਾ ਏਕੀਕ੍ਰਿਤ ਮਾਡਲ ਇਹ ਯਕੀਨੀ ਬਣਾਉਂਦਾ ਹੈ ਕਿ ਪਰਿਵਾਰ, ਭਾਵੇਂ ਕੁਦਰਤੀ ਜਾਂ ਚੁਣੇ ਹੋਏ, ਉਪਲਬਧ ਅਤੇ ਸੁਆਗਤ ਕਰਦੇ ਪ੍ਰੋਗਰਾਮਾਂ ਅਤੇ ਸ੍ਰੋਤਾਂ ਨਾਲ ਜੋੜੇ ਜਾਣ, ਜੋ ਉਨ੍ਹਾਂ ਦੇ ਨੌਜੁਆਨਾਂ ਅਤੇ ਪਰਿਵਾਰ ਦੀ ਸਿਹਤ ਨੂੰ ਸਹਾਰਾ ਦੇਣ ਵਿੱਚ ਉਨ੍ਹਾਂ ਦੀ ਮਦਦ ਕਰਨ। ਮੈਂ ਆਸ਼ਾਵਾਦੀ ਹਾਂ ਕਿ ਪੂਰੇ ਬੀ ਸੀ ਵਿੱਚ ਇਹ ਅੱਠ ਨਵੇਂ ਕੇਂਦਰ ਖੁੱਲ੍ਹਣ ਨਾਲ ਨੌਜੁਆਨਾਂ ਅਤੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਪਰਿਵਾਰਾਂ ਨੂੰ ਬੇਹੱਦ ਲੋੜੀਂਦੀ ਸਹਾਇਤਾ, ਸੰਪਰਕ, ਅਤੇ ਉਮੀਦ ਮੁਹੱਈਆ ਕਰਾਈ ਜਾ ਸਕੇਗੀ।”