ਰੋਮ: ਗਲੋਬਲ ਪੱਧਰ ‘ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਹਰੇਕ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਟਲੀ ਉਹਨਾਂ ਦੇਸ਼ਾਂ ਵਿਚ ਸ਼ਾਮਲ ਰਿਹਾ ਹੈ ਜਿੱਥੇ ਕੋਰੋਨਾਵਾਇਰਸ ਨਾਲ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਤਬਾਹੀ ਹੋਈ। ਇਸ ਦੌਰਾਨ ਹੁਣ ਇਟਲੀ ਤੋਂ ਰਾਹਤ ਭਰੀ ਖਬਰ ਆ ਰਹੀ ਹੈ। ਖਬਰ ਮੁਤਾਬਕ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ ਦਾ ਬਰਗਾਮੋ ਸ਼ਹਿਰ ਹੁਣ ਹਰਡ ਇਮਿਊਨਿਟੀ ਦੇ ਕਰੀਬ ਪਹੁੰਚਦਾ ਦਿਸ ਰਿਹਾ ਹੈ।
ਬਰਗਾਮੋ ਵਿਚ ੨੩ ਅਪ੍ਰੈਲ ਤੋਂ ੩ ਜੂਨ ਦੌਰਾਨ ੯੯੬੫ ਲੋਕਾਂ ਦੇ ਬਲੱਡ ਟੈਸਟ ਕੀਤੇ ਸਨ। ਨਤੀਜਿਆਂ ਵਿਚ ਦੇਖਿਆ ਗਿਆ ਕਿ ੫੭ ਫੀਸਦੀ ਲੋਕਾਂ ਵਿਚ ਕੋਰੋਨਾ ਨਾਲ ਜੁੜੀ ਐਂਟੀਬੌਡੀ ਵਿਕਸਿਤ ਹੋ ਚੁੱਕੀ ਹੈ। ਇਸ ਬਾਰੇ ਵਿਚ ਦੁਨੀਆ ਦੇ ਕਈ ਮਾਹਰ ਅਜਿਹਾ ਸਮਝਦੇ ਹਨ ਕਿ ਕਰੀਬ ੬੦ ਫੀਸਦੀ ਆਬਾਦੀ ਦੇ ਕੋਰੋਨਾ ਪੀੜਤ ਹੋਣ ‘ਤੇ ਹਰਡ ਇਮਿਊਨਿਟੀ ਦੀ ਸਥਿਤੀ ਬਣ ਸਕਦੀ ਹੈ। ਇਸ ਕਾਰਨ ਕੋਰੋਨਾਵਾਇਰਸ ਦੀ ਚੈਨ ਟੁੱਟ ਜਾਵੇਗੀ ਅਤੇ ਨਵੇਂ ਲੋਕ ਨਾ ਦੇ ਬਰਾਬਰ ਪੀੜਤ ਹੋਣਗੇ।
ਅਧਿਕਾਰਤ ਤੌਰ ‘ਤੇ ਇਹ ਸਾਫ ਨਹੀਂ ਹੈ ਕਿ ਕੋਰੋਨਾ ਦੀ ਐਂਟੀਬੌਡੀ ਵਾਲੇ ਲੋਕ ਕਿੰਨੇ ਸਮੇਂ ਲਈ ਵਾਇਰਸ ਨਾਲ ਇਮਿਊਨ ਹੁੰਦੇ ਹਨ। ਬਰਗਾਮੋ ਸ਼ਹਿਰ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਫਰਵਰੀ ਵਿਚ ਆਇਆ ਸੀ। ੬ ਕਰੋੜ ਦੀ ਆਬਾਦੀ ਵਾਲੇ ਇਟਲੀ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ ੩੪ ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।