ਕੋਰੋਨਾ ਕਾਰਨ 4.9 ਕਰੋੜ ਹੋਰ ਲੋਕ ਗ਼ਰੀਬੀ ਦੀ ਦਲਦਲ ‘ਚ ਧਸ ਜਾਣਗੇ-ਗੁਟਰੇਸ

0
976

ਸਿਆਟਲ: ਸੰਯੁਕਤ ਰਾਸ਼ਟਰ (ਯੂ.ਐਨ.ਓ.) ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨੇ ਦੁਨੀਆ ਨੂੰ ਅੱਜ ਚਿਤਾਵਨੀ ਜਾਰੀ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੁਨੀਆ ‘ਚ ‘ਫੂਡ ਐਮਰਜੈਂਸੀ’ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭੋਜਨ ਜਾਂ ਪੋਸ਼ਣ ਸਬੰਧੀ ਅਸੁਰੱਖਿਅਤ ਰਹਿਣ ਵਾਲੇ ਲੋਕਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਅੱਜ ਖ਼ੁਰਾਕ ਸੁਰੱਖਿਆ ਅਤੇ ਪੋਸ਼ਣ ਕੋਵਿਡ-੧੯ ਦੇ ਪ੍ਰਭਾਵ ਬਾਰੇ ਸੰਯੁਕਤ ਰਾਸ਼ਟਰ ਦੀ ਨੀਤੀ ਦੀ ਸ਼ੁਰੂਆਤ ਲਈ ਆਪਣੇ ਵੀਡੀਓ ਸੰਦੇਸ਼ ‘ਚ ਕਿਹਾ ਕਿ ਦੁਨੀਆ ‘ਚ ਸਾਡੀ ਆਬਾਦੀ ੮ ਅਰਬ ਲੋਕਾਂ ਦੀ ਹੈ ਅਤੇ ਜਿਸ ‘ਚ ਖਾਣ ਲਈ ਭੋਜਨ ਕਾਫ਼ੀ ਹੈ ਪਰ ੨ ਕਰੋੜ ਤੋਂ ਵੱਧ ਲੋਕ ਭੁੱਖੇ ਰਹਿ ਰਹੇ ਹਨ ਤੇ ਪੰਜ ਸਾਲ ਤੋਂ ਘੱਟ ਉਮਰ ਦੇ ੧੪.੪ ਕਰੋੜ ਬੱਚਿਆਂ ਦਾ ਸਰੀਰਕ ਵਿਕਾਸ ਭੁੱਖ ਕਾਰਨ ਰੁਕਿਆ ਹੋਇਆ ਹੈ, ਜਿੱਥੇ ਸਾਡੀ ਸਾਰੀ ਖ਼ੁਰਾਕ ਪ੍ਰਣਾਲੀ ਅਸਫ਼ਲ ਹੋ ਰਹੀ ਹੈ। ਸਕੱਤਰ ਜਨਰਲ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਤੱਕ ਇਸ ‘ਤੇ ਤੁਰੰਤ ਕਾਰਵਾਈ ਨਾ ਹੋਈ ਤਾਂ ਇਹ ਵਧਦਾ ਹੀ ਜਾਵੇਗਾ, ਜਿੱਥੇ ਅੱਗੇ ਜਾ ਕੇ ‘ਫੂਡ ਐਮਰਜੈਂਸੀ’ ਹੋ ਜਾਵੇਗੀ, ਜਿਸ ਦਾ ਲੱਖਾਂ ਬੱਚਿਆਂ ਅਤੇ ਬਾਲਗਾਂ ‘ਤੇ ਬਹੁਤ ਲੰਮੇ ਸਮੇਂ ਦਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਹੁਣ ਤੱਕ ੪.੯ ਕਰੋੜ ਹੋਰ ਲੋਕ ਗ਼ਰੀਬੀ ‘ਚ ਧਸ ਜਾਣਗੇ। ਉਨ੍ਹਾਂ ਕਿਹਾ ਕਿ ਚੰਗੇ ਖਾਣ-ਪੀਣ ਵਾਲੇ ਦੇਸ਼ਾਂ ‘ਚ ਵੀ ਅਸੀਂ ਭੋਜਨ ਸਪਲਾਈ ਲੜੀ ਵਿਚ ਵਿਘਨ ਪਾਉਣ ਦੇ ਜੋਖ਼ਮ ਦੇਖ ਰਹੇ ਹਾਂ। ਗੁਟਰੇਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਜ਼ਿੰਦਗੀਆਂ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲਾਮਬੰਦ ਹੋਣ। ਉਨ੍ਹਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਭੋਜਨ ਪ੍ਰੋਸੈਸਿੰਗ, ਟਰਾਂਸਪੋਰਟ ਅਤੇ ਸਥਾਨਕ ਖੁਰਾਕੀ ਬਾਜ਼ਾਰਾਂ ਲਈ ਸਹਾਇਤਾ ਵਧਾਉਣ ਅਤੇ ਉਨ੍ਹਾਂ ਨੂੰ ਭੋਜਨ ਪ੍ਰਣਾਲੀਆਂ ਦੇ ਨਿਰੰਤਰ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਸਰਕਾਰਾਂ ਯਕੀਨੀ ਬਣਾਉਣ ਕਿ ਰਾਹਤ ਪ੍ਰੇਰਨਾ ਪੈਕੇਜ ਸਭ ਤੋਂ ਵੱਧ ਕਮਜ਼ੋਰ ਤੇ ਲੋੜਵੰਦਾਂ ਤੱਕ ਪਹੁੰਚਾਏ ਜਾਣ। ਉਨ੍ਹਾਂ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਸਕੂਲਾਂ ‘ਚ ਪੜ੍ਹਦੇ ਉਨ੍ਹਾਂ ਕਮਜ਼ੋਰ ਬੱਚਿਆਂ ਦੀ ਭੋਜਨ ਲਈ ਮਦਦ ਕਰਨ ਜਿਨ੍ਹਾਂ ਦੀ ਭੋਜਨ ਤੱਕ ਪਹੁੰਚ ਨਹੀਂ ਹੈ। ਉਨ੍ਹਾਂ ਨੂੰ ਸਕੂਲਾਂ ‘ਚ ਭੋਜਨ ਮੁਹੱਈਆ ਕਰਵਾਇਆ
ਜਾਵੇ।