ਮਈ ਦੇ ਕਿਰਤੀ ਬਲ ਸਰਵੇਖਣ ਦੇ ਨਤੀਜਿਆਂ ਬਾਰੇ ਮੰਤਰੀ ਦਾ ਬਿਆਨ

0
1433

ਕੈਰੋਲ ਜੇਮਜ਼, ਵਿੱਤ ਮੰਤਰੀ, ਨੇ ਮਈ 2020 ਲਈ ਸਟੈਟਿਸਟਿਕਸ ਕੈਨੇਡਾ ਦੇ ਕਿਰਤੀ ਬਲ ਸਰਵੇਖਣ ਦੇ ਜਾਰੀ ਹੋਣ ‘ਤੇ ਹੇਠ ਦਿੱਤਾ ਬਿਆਨ ਜਾਰੀ ਕੀਤਾ ਹੈ:
“ਕੋਵਿਡ-19 ਦੇ ਕਾਰਣ ਹਰ ਇੱਕ ਖੇਤਰ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਇਲਾਕਿਆਂ ਵਿੱਚ ਲਗਾਤਾਰ ਜਾਰੀ ਅਸਥਿਰ ਕਿਰਤ ਬਾਜ਼ਾਰ (ਲੇਬਰ ਮਾਰਕਿਟ) ਦੇ ਦੌਰਾਨ ਮਈ ਦੇ ਕਿਰਤੀ ਬਲ ਅੰਕੜੇ ਕੁਝ ਉਤਸ਼ਾਹਜਨਕ ਸੰਕੇਤ ਦਰਸਾਉਂਦੇ ਹਨ।
“ਮੈਨੂੰ ਖ਼ੁਸ਼ੀ ਹੈ ਕਿ ਲੋਕਾਂ ਦੇ ਲੇਬਰ ਮਾਰਕਿਟ ਵਿੱਚ ਵਾਪਸ ਪਰਤਣ ਦੇ ਨਾਲ ਨਾਲ, ਬੀ ਸੀ ਨੇ ਮਈ ਵਿੱਚ 43,000 ਨੌਕਰੀਆਂ ਪੈਦਾ ਕੀਤੀਆਂ ਹਨ, ਪਰ ਆਪਣੀ ਸਿਹਤਯਾਬੀ ਤੱਕ ਪਹੁੰਚਣ ਲਈ ਸਾਡੇ ਸਾਹਮਣੇ ਇੱਕ ਲੰਮਾ ਰਸਤਾ ਬਾਕੀ ਹੈ। ਜਦੋਂ ਤੋਂ ਮਹਾਮਾਰੀ ਆਰੰਭ ਹੋਈ ਹੈ, ਕੁੱਲ 353,200 ਨੌਕਰੀਆਂ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਬੀ ਸੀ ਦੀ ਬੇਰੁਜ਼ਗਾਰੀ ਦੀ ਦਰ 13.4% ‘ਤੇ ਖੜ੍ਹੀ ਹੈ।
“ਇਨ੍ਹਾਂ ਅੰਕੜਿਆਂ ਦੇ ਪਿੱਛੇ ਕਈ ਹਜ਼ਾਰ ਪਰਿਵਾਰ, ਨੌਜੁਆਨ ਲੋਕ, ਅਤੇ ਕਾਰੋਬਾਰ ਹਨ, ਜੋ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਇਹ ਹੀ ਕਾਰਣ ਹੈ ਕਿ ਅਸੀਂ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੀ ਕੋਵਿਡ-19 ਕਾਰਵਾਈ ਯੋਜਨਾ ਦੌਰਾਨ ਸਹਾਇਤਾ ਉਪਲਬਧ ਰਹੇ ਅਤੇ ਇਸੇ ਕਰਕੇ ਹੁਣ ਸਾਡਾ ਧਿਆਨ ਸੁਰੱਖਿਅਤ ਢੰਗ ਨਾਲ ਸਾਡੀ ਆਰਥਕਤਾ ਨੂੰ ਮੁੜ ਚਾਲੂ ਕਰਨ ‘ਤੇ ਕੇਂਦ੍ਰਿਤ ਹੈ।
“ਅੱਜ ਦੀ ਤਾਰੀਖ਼ ਤੱਕ, ਬੀ ਸੀ ਵਿੱਚ 510,000 ਤੋਂ ਵੱਧ ਲੋਕਾਂ ਨੂੰ ਕਾਮਿਆਂ ਲਈ ਮਿਲਣ ਵਾਲਾ 1,000 ਡਾਲਰ ਦਾ ਆਪਾਤਕਾਲ ਲਾਭ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ, 75% ਵੇਜ ਸਬਸਿਡੀ ਦਾ ਦਾਇਰਾ ਵਧਾਉਣ ਲਈ ਅਸੀਂ ਫ਼ੈਡਰਲ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਹੈ ਅਤੇ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਕਾਰੋਬਾਰਾਂ ਨੂੰ, ਜੋ ਕਿਰਾਏ ਅਦਾ ਕਰਨ ਲਈ ਸੰਘਰਸ਼ ਕਰ ਰਹੇ ਹਨ, ਬੇਦਖ਼ਲੀਆਂ ਤੋਂ ਬਚਾਇਆ ਹੈ।
“ਜਿਵੇਂ ਜਿਵੇਂ ਵੱਧ ਤੋਂ ਵੱਧ ਕਾਰਜ-ਸਥਾਨ ਦੁਬਾਰਾ ਖੁੱਲ੍ਹ ਰਹੇ ਹਨ, ਉਸ ਕਰਕੇ ਉਪਭੋਗੀਆਂ ਦਰਮਿਆਨ ਪਹਿਲਾਂ ਨਾਲੋਂ ਭਰੋਸਾ ਵਧ ਰਿਹਾ ਹੈ, ਜੋ ਸਾਡੀ ਸਿਹਤਯਾਬੀ ਲਈ ਬੇਹੱਦ ਜ਼ਰੂਰੀ ਹੈ। ਕੋਵਿਡ-19 ਤੋਂ ਪ੍ਰਭਾਵਤ ਹੋਣ ਦੇ ਬਾਵਜੂਦ, ਬੀ ਸੀ ਕੈਨੇਡਾ ਵਿੱਚ ਇੱਕ ਆਰਥਕ ਮੋਹਰੀ ਹੈ। ਇਸ ਸਿਹਤ-ਸੰਭਾਲ ਸੰਕਟ ਦਾ ਪ੍ਰਬੰਧਨ ਕਰਨ ਵਿੱਚ ਲੋਕਾਂ ਦੇ ਅਸਾਧਾਰਣ ਸਹਿਯੋਗ ਨਾਲ ਮਿਲ ਕੇ, ਆਰਥਕ ਸਿਹਤਯਾਬੀ ਲਈ ਇਹ ਸਾਨੂੰ ਇੱਕ ਠੋਸ ਬੁਨਿਆਦ ‘ਤੇ ਖੜ੍ਹਾ ਕਰਦਾ ਹੈ।
“ਅੱਜ ਦਾ ਸਰਵੇਖਣ ਨੌਕਰੀਆਂ ਅਤੇ ਰੁਜ਼ਗਾਰ ਸਬੰਧੀ ਉਹ ਜਾਣਕਾਰੀ ਦਰਸਾਉਂਦਾ ਹੈ ਜੋ ਬੀ ਸੀ ਦੇ ਪੜਾਅਵਾਰ ਦੁਬਾਰਾ ਖੁੱਲ੍ਹਣ ਦੇ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਪਹਿਲਾਂ, 10 ਮਈ ਤੋਂ 16 ਮਈ ਦੇ ਹਫ਼ਤੇ ਦੌਰਾਨ ਇਕੱਠੀ ਕੀਤੀ ਗਈ ਸੀ। ਆਉਣ ਵਾਲੇ ਮਹੀਨਿਆਂ ਦੌਰਾਨ, ਜਿਵੇਂ ਜਿਵੇਂ ਸਾਡੀ ਆਰਥਕਤਾ ਸ਼ਕਲ ਅਖ਼ਤਿਆਰ ਕਰਨਾ ਸ਼ੁਰੂ ਕਰਦੀ ਹੈ, ਸਾਨੂੰ ਹੋਰ ਵਧੇਰੇ ਸਕਾਰਾਤਮਕ ਨਤੀਜੇ ਦਿਖਾਈ ਦੇਣ ਦੀ ਆਸ ਹੈ।
“ਅਸੀਂ ਆਉਣ ਵਾਲੇ ਮਹੀਨਿਆਂ ਦੌਰਾਨ, ਲੋਕਾਂ ਅਤੇ ਕਾਰੋਬਾਰਾਂ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਨਾ ਜਾਰੀ ਰੱਖਾਂਗੇ ਅਤੇ ਜਿਵੇਂ ਜਿਵੇਂ ਲੋੜ ਪਈ, ਰਾਹਤ ਅਤੇ ਸਿਹਤਯਾਬੀ ਦੇ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਦੇ ਰਹਾਂਗੇ।”