ਅਮਰੀਕਾ ’ਚ ਫਲਾਇਡ ਕਤਲ ਕੇਸ ਖ਼ਿਲਾਫ਼ ਮੁਜ਼ਾਹਰੇ ਜਾਰੀ

0
1652

ਮਿਨੀਪੋਲਿਸ: ਸਿਆਹਫਾਮ ਜੌਰਜ ਫਲਾਇਡ ਦੀ ਮੌਤ ਮਗਰੋਂ ਭੜਕੀ ਹਿੰਸਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ’ਚ ਫੈਲ ਗਈ ਹੈ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਵੱਡੇ ਪੱਧਰ ’ਤੇ ਕਾਰਾਂ ਤੇ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ। ਮੁਜ਼ਾਹਰਾਕਾਰੀਆਂ ਨੇ ਸਭ ਪਾਸੇ ਇਮਾਰਤਾਂ ’ਤੇ ‘ਸਾਨੂੰ ਸਾਹ ਨਹੀਂ ਆ ਰਿਹਾ’ ਦੇ ਨਾਅਰੇ ਲਿਖ ਦਿੱਤੇ ਹਨ। ਕੁਝ ਮੁਜ਼ਾਹਰਾਕਾਰੀਆਂ ਨੇ ਤਾਂ ਵ੍ਹਾਈਟ ਹਾਊਸ ਦੇ ਬਾਹਰ ਇੱਕ ਕੂੜੇਦਾਨ ਨੂੰ ਵੀ ਸਾੜ ਦਿੱਤਾ ਤੇ ਹਜ਼ਾਰਾਂ ਲੋਕਾਂ ਨੇ ਸ਼ਹਿਰ ਦੀਆਂ ਸੜਕਾਂ ’ਤੇ ਰੋਸ ਮਾਰਚ ਵੀ ਕੱਢੇ।
ਕਰੋਨਾਵਾਇਰਸ ਕਾਰਨ ਅਮਰੀਕਾ ’ਚ ਇਕ ਲੱਖ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਇਨ੍ਹਾਂ ਮੁਜ਼ਾਹਰਿਆਂ ਕਾਰਨ ਇਹ ਮਹਾਮਾਰੀ ਹੋਰ ਵੀ ਫੈਲਣ ਦਾ ਡਰ ਬਣ ਗਿਆ ਹੈ। ਮੁਜ਼ਾਹਰਾਕਾਰੀਆਂ ਨੇ ਕਈ ਥਾਵਾਂ ’ਤੇ ਪੁਲੀਸ ਦੀਆਂ ਕਾਰਾਂ ਸਾੜ ਦਿੱਤੀਆਂ ਤੇ ਪੁਲੀਸ ’ਤੇ ਬੋਤਲਾਂ ਵੀ ਸੁੱਟੀਆਂ। ਕਈ ਥਾਵਾਂ ’ਤੇ ਮੁਜ਼ਾਹਰਾਕਾਰੀਆਂ ਨੇ ਦੁਕਾਨਾਂ ਦੇ ਸ਼ੀਸ਼ੇ ਤੋੜ ਕੇ ਟੀਵੀ ਤੇ ਹੋਰ ਸਾਮਾਨ ਲੁੱਟ ਲਿਆ। ਇੰਡੀਆਨਾਪੋਲਿਸ ’ਚ ਪੁਲੀਸ ਕਈ ਥਾਵਾਂ ’ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਡੈਟਰਾਇਟ ’ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਮਿਨੀਪੋਲਿਸ ’ਚ ਲਗਾਇਆ ਗਿਆ ਕਰਫਿਊ ਵੀ ਮੁਜ਼ਾਹਰਾਕਾਰੀਆਂ ਨੇ ਤੋੜ ਦਿੱਤਾ ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਪਈ।
ਇਸੇ ਤਰ੍ਹਾਂ ਨਿਊਯਾਰਕ ਦੀਆਂ ਸੜਕਾਂ ’ਤੇ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ’ਚ ਟਰੰਪ ਟਾਵਰ ਦੇ ਬਾਹਰ, ਟਾਈਮਜ਼ ਸਕੁਏਅਰ, ਕੋਲੰਬਸ ਸਰਕਲ ਆਦਿ ਇਲਾਕਿਆਂ ’ਚ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ ਦਿਖਾਈ ਦਿੱਤੇ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨੂੰ ਜਦੋਂ ਪੁਲੀਸ ਖਿੰਡਾ ਰਹੀ ਸੀ ਤਾਂ ਇੱਕ ਰਬੜ ਦੀ ਗੋਲੀ ਅਦਾਕਾਰ ਕੈਂਡਰਿੱਕ ਸੈਂਪਸਨ ਨੂੰ ਵੀ ਲੱਗੀ ਹੈ।