ਕੈਨਬਰਾ: ਆਸਟ੍ਰੇਲੀਆ ‘ਚ ਕੋਰੋਨਾ ਇਨਫੈਕਸ਼ਨ ਕਾਰਨ ਬੰਦ ਪਏ ਸਕੂਲ ਹੁਣ ਖੁੱਲ੍ਹਣ ਲੱਗੇ ਹਨ। ਸੋਮਵਾਰ ਨੂੰ ਦੇਸ਼ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੈਲਜ਼ ਤੇ ਕੁਈਨਸਲੈਂਡ ਨੇ ਸਕੂਲ ਨੂੰ ਖੋਲ੍ਹ ਦਿੱਤੇ। ਇਸ ਦਿਨ ਸਕੂਲਾਂ ‘ਚ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਦਰਜ ਕੀਤੀ ਗਈ। ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਸੂਬੇ ‘ਚ ਸਕੂਲਾਂ ‘ਚ ਪਹਿਲਾਂ ਤੋਂ ਹੀ ਪੜ੍ਹਾਈ ਚੱਲ ਰਹੀ ਹੈ। ਸੂਬਾ ਸਰਕਾਰ ਵਲੋਂ ਇਹ ਫੈਸਲਾ ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਕਮੀ ਆਉਣ ਤੋਂ ਬਾਅਦ ਕੀਤਾ ਗਿਆ ਹੈ।
ਸਕੂਲ ਖੁੱਲ੍ਹਣ ‘ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹਦਾਇਤ ਦਿੰਦਿਆਂ ਕਿਹਾ ਕੁਈਨਸਲੈਂਡ ਦੀ ਪ੍ਰੀਮੀਅਰ ਅਨੇਸਤੇਸੀਆ ਪਲਾਸਜੁਕ ਨੇ ਕਿਹਾ ਕਿ ਬਿਮਾਰ ਪੈਣ ‘ਤੇ ਸਕੂਲ ਨਾ ਜਾਣ, ਘਰ ‘ਚ ਰਹਿਣ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਜੰਗ ਹਾਲੇ ਖਤਮ ਨਹੀਂ ਹੋਈ। ਮਹਾਮਾਰੀ ਦੀ ਲਪੇਟ ਤੋਂ ਬਾਹਰ ਨਿਕਲ ਰਹੇ ਦੇਸ਼ ‘ਚ ਵਿਕਟੋਰੀਆ ਤੇ ਤਸਮਾਨੀਆ ਸੂਬੇ ਤੋਂ ਇਲਾਵਾ ਆਸਟ੍ਰੇਲੀਆਈ ਰਾਜਧਾਨੀ ਖੇਤਰ ‘ਚ ਵੀ ਸਕੂਲਾਂ ਨੂੰ ਅਗਲੇ ਮਹੀਨੇ ਤੋਂ ਪੜਾਅਵਾਰ ਤਰੀਕੇ ਨਾਲ ਖੋਲ੍ਹਣ ਦੀ ਯੋਜਨਾ ਹੈ।