ਸਰੀ: ਹੁਣ ਉਬਰ ਟੈਕਸੀ ਡਰਾਈਵਰਾਂ ਅਤੇ ਯਾਤਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਉਬਰ ਟੈਕਨੋਲੋਜੀ ਇਨਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ-੧੯ ਮਹਾਂਮਾਰੀ ਤੋਂ ਬਚਣ ਲਈ ਕੰਪਨੀ ਵੱਲੋਂ ਇਹ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ।
ਨਵੇਂ ਨਿਯਮਾਂ ਤਹਿਤ ਕਿਸੇ ਵੀ ਡਰਾਈਵਰ ਨੂੰ ਉਦੋਂ ਤੱਕ ਕੋਈ ਸਵਾਰੀ ਬਿਠਾਉਣ ਦੀ ਆਗਿਆ ਨਹੀਂ ਹੋਵੇਗੀ ਜਦੋਂ ਤੱਕ ਉਹ ਇਹ ਪੁਸ਼ਟੀ ਨਹੀਂ ਕਰ ਦਿੰਦਾ ਕਿ ਉਸ ਨੇ ਮਾਸਕ ਪਾਇਆ ਹੋਇਆ ਹੈ। ਉਬਰ ਐਪ ਵੱਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਵੀ ਅਜਿਹਾ ਕਰਨਾ ਯਕੀਨੀ ਬਣਾਇਆ ਜਾਵੇਗਾ। ਉਬਰ ਟੈਕਸੀ ਡਰਾਈਵਰਾਂ ਨੂੰ ਇਹ ਯਕੀਨ ਵੀ ਦਿਵਾਉਣਾ ਹੋਵੇਗਾ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹਨ, ਉਹ ਆਪਣੀ ਗੱਡੀ ਨੂੰ ਬਕਾਇਦਾ ਡਿਸਇਨਫੈਕਟ ਕਰ ਰਹੇ ਹਨ ਤੇ ਆਪਣੇ ਹੱਥਾਂ ਨੂੰ ਵੀ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਸਾਫ ਕਰ ਰਹੇ ਹਨ।
ਜੇ ਕਿਸੇ ਡਰਾਈਵਰ ਜਾਂ ਯਾਤਰੀ ਨੇ ਮਾਸਕ ਨਾ ਪਾਇਆ ਹੋਵੇਗਾ ਜਾਂ ਜੇ ਡਰਾਈਵਰ ਜਾਂ ਯਾਤਰੀ ਆਪਣੇ ਟਰਿੱਪ ਦੇ ਅੱਧ ਵਿੱਚ ਹੀ ਮਾਸਕ ਉਤਾਰਦਾ ਹੈ ਤਾਂ ਰਾਈਡ ਕੈਂਸਲ ਕੀਤੀ ਜਾ ਸਕੇਗੀ। ਕਿਸੇ ਵੀ ਸਵਾਰੀ ਨੂੰ ਅੱਗੇ ਵਾਲੀ ਸੀਟ ਉੱਤੇ ਬੈਠਣ ਦੀ ਆਗਿਆ ਨਹੀਂ ਹੋਵੇਗੀ ਅਤੇ ਉਬਰ ਐਕਸ ਤੇ ਐਕਸਐਲ ਗੱਡੀਆਂ ਵਿੱਚ ਤਿੰਨ ਤੋਂ ਵੱਧ ਸਵਾਰੀਆਂ ਨਹੀਂ ਬੈਠ ਸਕਣਗੀਆਂ।