ਜਨੇਵਾ: ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਮੁਖੀ ਨੇ ਅੱਜ ਕਿਹਾ ਕਿ ਉਹ ਆਲਮੀ ਮਹਾਮਾਰੀ ਨਾਲ ਨਜਿੱਠਣ ਦੀ ਪ੍ਰਕਿਰਿਆ ਦਾ ਮੁਲਾਂਕਣ ਜਿੰਨੀ ਜਲਦੀ ਹੋ ਸਕੇ ਸ਼ੁਰੂ ਕਰਵਾਉਣਗੇ ਜਦਕਿ ਚੀਨ ਨੇ ਇਸ ਫ਼ੈਸਲਾ ਦੀ ਹਮਾਇਤ ਕੀਤੀ ਹੈ।
ਡਬਲਯੂਐੱਚਓ ਦੇ ਡਾਇਰੈਕਟਰ-ਜਨਰਲ ਟੈਡਰੋਸ ਅਧਾਨੋਮ ਗ਼ੈਬਰੇਸਿਸ ਨੇ ਇਹ ਵਾਅਦਾ ਵਿਸ਼ਵ ਸਿਹਤ ਸਭਾ ਦੇ ਦੋ ਰੋਜ਼ਾ ਆਨਲਾਈਨ ਸੰਮੇਲਨ ਦੌਰਾਨ ਕੀਤਾ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਰੋਨਾ ਸੰਕਟ ਨਾਲ ਨਜਿੱਠਣ ਲਈ ਆਪਣੇ ਮੁਲਕ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਬਚਾਅ ਕੀਤਾ। ਟੈਡਰੋਸ ਨੇ ਕਿਹਾ ਕਿ ਉਹ ਢੁੱਕਵੇਂ ਸਮੇਂ ’ਤੇ ਭਵਿੱਖੀ ਪੇਸ਼ਬੰਦੀਆਂ ਲਈ ਸਲਾਹ ਜਾਰੀ ਕਰਨਗੇ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਂਨੀਓ ਗੁਟੇਰੇਜ਼ ਨੇ ਸੰਮੇਲਨ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਇਸ ਸੰਮੇਲਨ ’ਚ ਹਿੱਸਾ ਲੈ ਰਹੇ ਉਨ੍ਹਾਂ 60 ਦੇਸ਼ਾਂ ਦੀ ਮੰਗ ਦੀ ਹਮਾਇਤ ਕੀਤੀ ਜਿਸ ’ਚ ਕੋਵਿਡ-19 ਸੰਕਟ ਦੀ ਆਲਮੀ ਪ੍ਰਤੀਕਿਰਿਆ ਪ੍ਰਣਾਲੀ ਦਾ ਨਿਰਪੱਖ, ਆਜ਼ਾਦਾਨਾ ਤੇ ਸੰਪੂਰਨ ਢੰਗ ਨਾਲ ਮੁਲਾਂਕਣ ਕਰਨ ਤੇ ਕਰੋਨਾਵਾਇਰਸ ਦੇ ਕਿਸੇ ਪਸ਼ੂ ਨਾਲ ਸਬੰਧਤ ਹੋਣ ਦੇ ਸਰੋਤ ਦਾ ਪਤਾ ਲਾਉਣ ਦੀ ਗੱਲ ਕਹੀ ਗਈ ਹੈ।