ਕਰਜ਼ਾ ਨਹੀਂ, ਲੋਕਾਂ ਨੂੰ ਸਿੱਧੀ ਨਗ਼ਦੀ ਮਿਲੇ: ਰਾਹੁਲ

0
971

ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ‘ਕਰਜ਼ਾ ਵੰਡਣ’ ਦੀ ਥਾਂ ਲੋਕਾਂ ਨੂੰ ਨਗ਼ਦੀ ਮੁਹੱਈਆ ਕਰਵਾਏ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਆਰਥਿਕ ਪੈਕੇਜ ’ਤੇ ਮੁੜ ਵਿਚਾਰ ਕਰਨ ਲਈ ਕਿਹਾ। ਮੀਡੀਆ ਨਾਲ ਵੀਡੀਓ ਕਾਨਫਰੰਸ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਗਰੀਬ ਤਬਕੇ ਦੇ ਖ਼ਾਤਿਆਂ ਵਿਚ ਪੈਸੇ ਪਾਉਣ ਲਈ ਕੇਂਦਰ ਉਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਮੰਗ ਵਿਚ ਵਾਧਾ ਹੋ ਸਕੇ। ਰਾਹੁਲ ਨੇ ਕਿਹਾ ਕਿ ਆਰਥਿਕ ਫਰੰਟ ’ਤੇ ਇਕ ‘ਤੂਫ਼ਾਨ’ ਉੱਭਰ ਰਿਹਾ ਹੈ। ਇਸ ਨਾਲ ਬਹੁਤ ਨੁਕਸਾਨ ਹੋਵੇਗਾ ਤੇ ਕਈ ਇਸ ਦਾ ਸ਼ਿਕਾਰ ਹੋਣਗੇ। ਉਨ੍ਹਾਂ ਕਿਹਾ ਕਿ ਅਜੇ ਇਹ ਤੂਫ਼ਾਨ ਆਇਆ ਨਹੀਂ ਪਰ ਆ ਰਿਹਾ ਹੈ ਤੇ ਵੱਡੀ ਵਿੱਤੀ ਸੱਟ ਮਾਰੇਗਾ। ਕਾਂਗਰਸੀ ਆਗੂ ਨੇ ਕਿਹਾ ਕਿ ਜੇ ਮੰਗ ਵਧਾਉਣ ਲਈ ਕੁਝ ਨਾ ਕੀਤਾ ਗਿਆ ਤਾਂ ਮੁਲਕ ਨੂੰ ਕਰੋਨਾਵਾਇਰਸ ਤੋਂ ਵੀ ਵੱਡਾ ਨੁਕਸਾਨ ਸਹਿਣਾ ਪਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਲੌਕਡਾਊਨ ਨੂੰ ਬਹੁਤ ਸਮਝਦਾਰੀ ਨਾਲ ਹਟਾਉਣ ਦੀ ਲੋੜ ਹੈ ਤਾਂ ਕਿ ਬਜ਼ੁਰਗ ਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਨੂੰ ਬੀਮਾਰੀ ਦੀ ਮਾਰ ਨਾ ਝੱਲਣੀ ਪਏ। ਰਾਹੁਲ ਨੇ ਨਾਲ ਹੀ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਐਲਾਨੇ ਜਾ ਰਹੇ ਪੈਕੇਜ ’ਤੇ ਮੁੜ ਕੰਮ ਕਰਨ ਦੀ ਲੋੜ ਹੈ ਤੇ ਸਰਕਾਰ ਨੂੰ ਏਜੰਸੀ ਰੇਟਿੰਗ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅੱਜ ਪੈਸੇ ਦੀ ਲੋੜ ਹੈ, ਸਿੱਧੀ ਨਗ਼ਦੀ ਟਰਾਂਸਫਰ ਕਰਨ ਬਾਰੇ ਸੋਚਣਾ ਚਾਹੀਦਾ ਹੈ, ਮਨਰੇਗਾ 200 ਦਿਨ ਕੀਤਾ ਜਾ ਸਕਦਾ ਹੈ, ਕਿਸਾਨਾਂ ਨੂੰ ਪੈਸਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਵੇਲੇ ਕਰਜ਼ਾ ਨਹੀਂ ਚਾਹੀਦਾ। ਕਾਂਗਰਸੀ ਆਗੂ ਨੇ ਕਿਹਾ ਕਿ ‘ਜਦ ਬੱਚੇ ਸੰਕਟ ’ਚ ਹੁੰਦੇ ਹਨ ਤਾਂ ਮਾਂ ਉਨ੍ਹਾਂ ਨੂੰ ਕਰਜ਼ਾ ਨਹੀਂ, ਸਿੱਧੀ ਰਾਹਤ ਦਿੰਦੀ ਹੈ।’