ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਲਾਕਡਾਊਨ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਖ਼ਿਲਾਫ਼ ਦੁਨੀਆ ਦੇ ਕਈ ਦੇਸ਼ਾਂ ‘ਚ ਸ਼ਨਿਚਰਵਾਰ ਨੂੰ ਲੋਕ ਸੜਕਾਂ ‘ਤੇ ਉਤਰ ਆਏ। ਜਰਮਨੀ ਦੇ ਸਾਰੇ ਵੱਡੇ ਸ਼ਹਿਰਾਂ ‘ਚ ਲੋਕਾਂ ਨੇ ਨਿਯਮਾਂ ਦਾ ਵਿਰੋਧ ਕੀਤਾ। ਪੋਲੈਂਡ ਦੀ ਰਾਜਧਾਨੀ ਵਾਰਸਾ ‘ਚ ਹਾਲਾਤ ਉਸ ਸਮੇਂ ਸਭ ਤੋਂ ਵੱਧ ਖ਼ਰਾਬ ਹੋ ਗਏ ਜਦੋਂ ਕਾਰੋਬਾਰੀ ਸਰਗਰਮੀਆਂ ‘ਚ ਛੋਟ ਮੰਗ ਲੈ ਕੇ ਸੜਕ ‘ਤੇ ਉਤਰੇ ਮੁਜ਼ਾਹਰਾਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦਾ ਇਸਤੇਮਾਲ ਕਰਨਾ ਪਿਆ। ਬਰਤਾਨੀਆ ਦੀ ਰਾਜਧਾਨੀ ਲੰਡਨ ‘ਚ ਜਾਣ ਬੁੱਝ ਕੇ ਸ਼ਰੀਰਕ ਦੂਰੀ ਦੇ ਨਿਯਮਾਂ ਨੂੰ ਤੋੜਨ ‘ਤੇ 19 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ‘ਚ 46 ਲੱਖ ਤੋਂ ਵੱਧ ਲੋਕ ਇਨਫੈਕਟਿਡ ਹਨ ਉੱਥੇ ਹੀ 3.10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਿਊਨਿਖ ‘ਚ ਕੋਰੋਨਾ ਨੀਤੀ ਖ਼ਿਲਾਫ਼ ਵਿਰੋਧ-ਮੁਜ਼ਾਹਰਿਆਂ ਲਈ ਇਕ ਹਜ਼ਾਰ ਲੋਕਾਂ ਨੂੰ ਦੋ ਘੰਟੇ ਲਈ ਮਨਜ਼ੂਰੀ ਦਿੱਤੀ ਗਈ ਸੀ। ਵਿਰੋਧ-ਮੁਜ਼ਾਹਰਿਆਂ ਦੌਰਾਨ ਇਨ੍ਹਾਂ ਨੇ 1.5 ਮੀਟਰ ਦੀ ਸ਼ਰੀਰਕ ਦੂਰੀ ਵੀ ਬਣਾ ਕੇ ਰੱਖਣੀ ਸੀ। ਲਾਕਡਾਊਨ ਦੇ ਨਿਯਮਾਂ ਖ਼ਿਲਾਫ਼ ਵਿਰੋਧ ਦੀ ਹਾਲਤ ਇਸ ਤਰ੍ਹਾਂ ਸੀ ਕਿ ਇਕ ਘੰਟਾ ਪਹਿਲਾਂ ਹੀ ਸਾਰੇ ਮੁਜ਼ਾਹਰਾਕਾਰੀ ਪਹੁੰਚ ਗਏ ਸਨ। ਸਟਟਗਾਰਟ, ਹੇੱਸੇ ਤੇ ਨਾਰਥ ਵੈਸਟਫੇਲੀਆ ‘ਚ ਵੀ ਲੋਕਾਂ ਨੇ ਪਾਬੰਦੀਆਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਫਰੈਂਕਫਰਟ ਤੇ ਹੈਂਬਰਗ ‘ਚ ਤਾਂ ਹਾਲਾਤ ਉਸ ਸਮੇਂ ਅਜੀਬ ਹੋ ਗਏ ਜਦੋਂ ਪਾਬੰਦੀਆਂ ਦੇ ਸਮਰਥਨ ‘ਚ ਵੀ ਲੋਕ ਸੜਕਾਂ ‘ਤੇ ਉਤਰ ਆਏ ਤੇ ਵਿਰੋਧ-ਮੁਜ਼ਾਹਰੇ ਕਰਨ ਵਾਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੈਂਬਰਗ ‘ਚ ਤਾਂ ਪਾਬੰਦੀ ਦੇ ਸਮਰਥਨ ‘ਚ ਲੋਕਾਂ ਨੇ ਬੈਨਰ ਵੀ ਹੱਥਾਂ ‘ਚ ਫੜੇ ਹੋਏ ਸਨ, ਜਿਨ੍ਹਾਂ ‘ਤੇ ਲਿਖਿਆ ਸੀ, ‘ਪਾਬੰਦੀਆਂ ਦੇ ਵਿਰੋਧ ਨਾਲ ਤੁਹਾਡੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ।’