‘ਸ਼ਰਾਬ’ ਨੇ ਕੈਪਟਨ ਦੀ ਸਾਰੀ ਕੈਬਨਿਟ ਸ਼ਰਾਬੀ ਕੀਤੀ

0
962

ਚੰਡੀਗੜ੍ਹ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਖੁੱਲ੍ਹ ਕੇ ਆਹਮੋ-ਸਾਹਮਣੇ ਆ ਗਏ ਹਨ। ਪੰਜਾਬ ਦੇ ਮੁੱਖ ਸਕੱਤਰ ਦਾ ਮਸਲਾ ਨਿੱਬੜਨ ਤੋਂ ਪਹਿਲਾਂ ਦੋ ਵਜ਼ੀਰਾਂ ਦਾ ਆਪਸ ਵਿਚ ਇੱਟ ਖੜਿਕਾ ਹਕੂਮਤ ਲਈ ਸ਼ੁਭ ਸੰਕੇਤ ਨਹੀਂ ਹੈ। ਬਾਜਵਾ ਚੰਨੀ ਦੀ ਰਿਹਾਇਸ਼ ‘ਤੇ ਗਏ ਸਨ ਅਤੇ ਚੰਨੀ ਦਾ ਇਲਜ਼ਾਮ ਹੈ ਕਿ ਬਾਜਵਾ ਨੇ ਮੁੱਖ ਸਕੱਤਰ ਦੇ ਮਾਮਲੇ ਵਿਚ ਉਨ੍ਹਾਂ ਨੂੰ ਪਿਛਾਂਹ ਹਟਣ ਲਈ ਕਿਹਾ ਸੀ ਅਤੇ ਉਨ੍ਹਾਂ (ਚੰਨੀ) ਖ਼ਿਲਾਫ਼ ਪੁਰਾਣੇ ਕੇਸ ਖੋਲ੍ਹਣ ਦੀ ਧਮਕੀ ਦਿੱਤੀ ਸੀ।
ਦੋਵੇਂ ਵਜ਼ੀਰਾਂ ਨੇ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਛੱਡ ਦਿੱਤਾ ਹੈ। ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਾਤ ਦਾ ਬਤੰਗੜ ਬਣ ਗਿਆ ਹੈ।
ਉਨ੍ਹਾਂ ਕਿਹਾ,”ਏਦਾਂ ਦੀ ਕੋਈ ਗੱਲ ਨਹੀਂ, ਜਿੱਦਾਂ ਦੀ ਬਣਾ ਦਿੱਤੀ ਗਈ ਹੈ। ਚੰਨੀ ਮੇਰੇ ਸਾਥੀ ਹਨ ਅਤੇ ਮੈਂ ਉਨ੍ਹਾਂ ਦਾ ਆਦਰ ਕਰਦਾ ਹਾਂ।
ਧਮਕੀ ਵਾਲੀ ਕੋਈ ਗੱਲ ਨਹੀਂ ਹੋਈ।” ਬਾਜਵਾ ਨੇ ਕਿਹਾ ਕਿ ਉਹ ਮਨਪ੍ਰੀਤ ਬਾਦਲ ਅਤੇ ਚੰਨੀ ਨਾਲ ਖੜ੍ਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ (ਬਾਜਵਾ) ਤਾਂ ਸ਼ੁਰੂ ਤੋਂ ਹੀ ਕਾਂਗਰਸੀ ਹਨ ਜਦਕਿ ਚੰਨੀ ਹੁਣੇ ਕਾਂਗਰਸ ‘ਚ ਆਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਦੋਵਾਂ ਨੂੰ ਬੁਲਾ ਲੈਣ, ਕੋਈ ਗਲਤਫਹਿਮੀ ਹੈ ਤਾਂ ਸਾਫ ਹੋ ਜਾਵੇਗੀ।
ਦੂਜੇ ਪਾਸੇ ਚੰਨੀ ਨੇ ਆਪਣਾ ਸਟੈਂਡ ਦੁਹਰਾਇਆ ਕਿ ਬਾਜਵਾ ਨੇ ਘਰ ਆ ਕੇ ਪਰਚੇ ਦਰਜ ਕਰਾਉਣ ਦੀ ਗੱਲ ਆਖੀ ਸੀ। ਚੰਨੀ ਨੇ ਦਲਿਤ ਪੱਤਾ ਵੀ ਖੇਡਿਆ ਅਤੇ ਕਿਹਾ ਕਿ ਜੇਕਰ ਲੌਕਡਾਊਨ ਨਾ ਹੁੰਦਾ ਤਾਂ ਇਸ ਮਾਮਲੇ ‘ਤੇ ਭੰਨ-ਤੋੜ ਹੋ ਜਾਣੀ ਸੀ।
ਉਨ੍ਹਾਂ ਦੱਸਿਆ ਕਿ ਮਾਮਲਾ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਨੂੰ ਦੱਸ ਦਿੱਤਾ ਹੈ। ਉਨ੍ਹਾਂ ਬਾਜਵਾ ਨੂੰ ਜਵਾਬ ਦਿੰਦਿਆਂ ਆਖਿਆ ਕਿ ਦਲਿਤ ਤਾਂ ਸ਼ੁਰੂ ਤੋਂ ਹੀ ਕਾਂਗਰਸੀ ਹੁੰਦਾ
ਹੈ।