ਵੀਨਸ: ਇਟਲੀ ‘ਚ ਅੱਜ ਤੋਂ ਤਾਲਾਬੰਦੀ ‘ਚ ਢਿੱਲ ਮਿਲਣ ਕਰਕੇ ਇਥੋਂ ਦੀਆਂ ਸੜਕਾਂ ‘ਤੇ ਫਿਰ ਰੌਣਕ ਪਰਤ ਆਈ ਹੈ। ਸੜਕਾਂ ‘ਤੇ ਕਾਰਾਂ ਤੇ ਹੋਰ ਵਾਹਨ ਫਿਰ ਤੋਂ ਦਿਖਾਈ ਦੇਣ ਲੱਗੇ ਹਨ। ਦੱਸਣਯੋਗ ਹੈ ਕਿ ਤਾਲਾਬੰਦੀ ਕਾਰਨ ਸੜਕਾਂ ‘ਤੇ ਸਨਾਟਾ ਛਾਇਆ ਹੋਇਆ ਸੀ। ਇਸੇ ਪ੍ਰਕਾਰ ਅੱਜ ਵੱਡੀ ਗਿਣਤੀ ‘ਚ ਵਰਕਰ ਕੰਮਾਂ ‘ਤੇ ਵੀ ਗਏ। ਦੂਜੇ ਪਾਸੇ ਹੁਣ ਕੋਰੋਨਾ ਦਾ ਕਹਿਰ ਵੀ ਕੁੱਝ ਘੱਟ ਹੋਣ ਲੱਗਾ ਹੈ ਅਤੇ ਹਾਲਾਤ ਦਿਨ ਪ੍ਰਤੀ ਦਿਨ ਸੁਖਾਂਵੇ ਹੋਣ ਲੱਗ ਪਏ ਹਨ। ਦੋ ਮਹੀਨੇ ਤੋਂ ਬਾਅਦ ਘਰਾਂ ਤੋਂ ਕੰਮਾਂ ਕਾਰਾਂ ਲਈ ਨਿਕਲਣ ਲਈ ਖੁਸ਼ੀ ਦੀ ਅਜੀਬ ਝਲਕ ਲੋਕਾਂ ਦੇ ਚਿਹਰਿਆਂ ‘ਤੇ ਦੇਖਣ ਨੂੰ ਮਿਲ ਰਹੀ ਸੀ। ਉਂਝ ਭਾਵੇਂ ਬਾਰਾਂ ਅਤੇ ਰੈਸਟੋਰੈਂਟਾਂ ਵਿਚ ਜਾਣ ਦੇ ਸ਼ੋਕੀਨਾਂ ਨੂੰ ਹਾਲੇ ਕੁੱਝ ਸਮਾਂ ਹੋਰ ਇੰਤਜ਼ਾਰ ਕਰਨਾ ਪਏਗਾ। ਸਰਕਾਰ ਵਲੋਂ ਬਾਰਾਂ ਅਤੇ ਰੈਸਟੋਰੈਂਟਾਂ ਨੂੰ ਹਾਲੇ ਮਈ ਦੇ ਅਖੀਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਪ੍ਰਕਾਰ ਸਕੂਲ ਵੀ ਸਤੰਬਰ ਮਹੀਨੇ ਤੱਕ ਬੰਦ ਰਹਿਣਗੇ। ਲੋਕਾਂ ਨੂੰ ਹਾਲੇ ਵੀ ਕੁੱਝ ਸਮਾਂ ਮੁਸਤੈਦੀ ਵਰਤਣ ਲਈ ਕਿਹਾ ਗਿਆ ਹੈ ਅਤੇ ਘਰਾਂ ਤੋਂ ਨਿਕਲਣ ਵੇਲੇ ਵਿਸ਼ੇਸ਼ ਘੋਸ਼ਣਾ ਪੱਤਰ ਭਰਨ ਅਤੇ ਮਾਸਕ ਪਾਉਣੇ ਲਾਜ਼ਮੀ ਹੋਣਗੇ। ਉੱਧਰ ਇਟਲੀ ਸਰਕਾਰ ਕੋਰੋਨਾ ‘ਤੇ ਕਾਬੂ ਪਾਉਣ ਦਾ ਸਿਹਰਾ ਡਾਕਟਰਾਂ ਨੂੰ ਦਿੰਦਿਆਂ ਇਸ ਨੂੰ ਡਾਕਟਰਾਂ ਦੀ ਇਕ ਵੱਡੀ ਜਿੱਤ ਕਹਿ ਕੇ ਡਾਕਟਰਾਂ ਤੇ ਨਰਸਾਂ ਨੂੰ ਬਣਦਾ ਸਤਿਕਾਰ ਵੀ ਦੇ ਰਹੀ ਹੈ।