ਐਡੀਲੇਡ: ਸੂਬਾ ਦੱਖਣੀ ਆਸਟਰੇਲੀਆ ਵਿੱਚ ਪਿਛਲੇ ੧੩ ਦਿਨਾਂ ਤੋਂ ਕਰੋਨਾਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਾ ਆਉਣ ਕਾਰਨ ਸੂਬੇ ਸਰਕਾਰ ਵੱਲੋਂ ਮਹਾਂਮਾਰੀ ਦੇ ਫੈਲਾਅ ਰੋਕਣ ਲਈ ਲਾਈਆਂ ਪਾਬੰਦੀਆਂ ਵਿੱਚ ਕੁਝ ਢਿੱਲਾਂ ਦਿੰਦਿਆਂ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ੧੦ ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਦਿੱਤੀ ਹੈ। ਇਸ ਨਾਲ ਜਨਤਕ ਸਥਾਨਾਂ, ਖੇਡ ਮੈਦਾਨਾਂ ਅਤੇ ਸਮੁੰਦਰੀ ਕਿਨਾਰਿਆਂ ‘ਤੇ ਰੌਣਕਾਂ ਪਰਤਣ ਲੱਗੀਆਂ ਹਨ। ਖੇਡ ਕਲੱਬਾਂ, ਸਭਿਆਚਾਰਕ ਸੰਸਥਾਵਾਂ ੧੦-੧੦ ਖਿਡਾਰੀਆਂ ਦੇ ਗਰੁੱਪਾਂ ਵਿੱਚ ਖੇਡਾਂ ਅਤੇ ਭਾਈਚਾਰੇ ਨਾਲ ਸਬੰਧਿਤ ਲੋਕ ਨਾਚਾਂ ਦੀ ਸਿਖਲਾਈ ਦੇਣ ਵੱਲ ਵੱਧ ਰਹੀਆਂ ਹਨ।
ਦੱਖਣੀ ਆਸਟਰੇਲੀਆ ਦੇ ਮੁੱਖ ਮੈਡੀਕਲ ਅਫਸਰ ਨਿਕੋਲਾ ਸਪੁਰਿਅਰ ਨੇ ਸੂਬੇ ਵਿੱਚ ਕਰੋਨਾਵਾਇਰਸ ਦੇ ਹੋਰ ਕੇਸ ਨਾ ਸਾਹਮਣੇ ਆਉਣ ‘ਤੇ ਸੂਬਾ ਦੇ ਜਲਦੀ ਹੀ ਕੋਵਿਡ-੧੯ ਤੋਂ ਮੁਕਤ ਹੋਣ ਦੀ ਉਮੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੂਬੇ ਵਿੱਚ ਕਰੋਨਾਵਾਇਰਸ ਦੇ ੬੨,੦੦੦ ਟੈਸਟ ਕੀਤੇ ਗਏ ਹਨ ਅਤੇ ਇਹ ਰੁਝਾਨ ਨਿਰੰਤਰ ਜਾਰੀ ਹੈ। ਸੂਬੇ ਵਿੱਚ ਕੇਵਲ ਸੱਤ ਐਕਟਿਵ ਕੇਸ ਬਾਕੀ ਹਨ ਅਤੇ ਆਈਸੀਯੂ ਵਿੱਚ ਕੋਈ ਵੀ ਕੇਸ ਨਹੀਂ ਹੈ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਕਿ ਸਿਹਤ ਵਿਭਾਗ ਨੇ ਕਰੋਨਾਵਾਇਰਸ ਮਹਾਂਮਾਰੀ ਦੀ ਰੋਕਥਾਮ ਅਤੇ ਪੀੜਤ ਲੋਕਾਂ ਦੀ ਦੇਖਭਾਲ ਕਰਦਿਆਂ ਵਧੀਆ ਕੰਮ ਕੀਤਾ ਹੈ। ਆਸਟਰੇਲਿਆਈ ਲੋਕਾਂ ਨੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕਰੋਨਾਵਾਇਰਸ ਦੇ ਵੱਧਦੇ ਫੈਲਾਅ ਨੂੰ ਰੋਕਣ ਲਈ ਜਾਰੀ ਕੀਤੀਆਂ ਹਦਾਇਤਾਂ ਨੂੰ ਮੰਨਦਿਆਂ ਮਹਾਂਮਾਰੀ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਵਿੱਚ ਅਹਿਮ ਯੋਗਦਾਨ ਪਾਇਆ ਹੈ।