ਜਦੋਂ ਸ਼ਾਹੀਨ ਬਾਗ਼ ਵਿਚ ਪਈ ‘ਚਾਰ ਯਾਰ’ ਦੀ ਗੂੰਜ

0
1097

ਚੰਡੀਗੜ੍ਹ: ਸ਼ਾਹੀਨ ਬਾਗ਼ ਵਿਚ ਪੰਜਾਬੀ ਆਪਣੀ ਨਿਰਾਲੀ ਸ਼ਾਨ ਦੇ ਨਾਲ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਆਏ। ਪਹਿਲਾਂ ਪੰਜਾਬ ਕਿਸਾਨ ਯੂਨੀਅਨ ਸੀਪੀਆਈ-ਐੱਮਐੱਲ (ਲਿਬਰੇਸ਼ਨ) ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਨੁਮਾਇੰਦੇ ਉੱਥੇ ਪਹੁੰਚੇ ਅਤੇ ਰਾਤ ਦੇ ੧੦.੩੦ ਵਜੇ ਤੋਂ ੧੨.੩੦ ਵਜੇ ਤਕ ਸੂਫ਼ੀ ਗਾਇਕੀ ਤੇ ਗੁਰਬਾਣੀ ਦਾ ਗਾਇਨ ਕਰਨ ਵਾਲੇ ਮਦਨ ਗੋਪਾਲ ਸਿੰਘ ਨੇ ਪਿੜ ਬੰਨ੍ਹਿਆ। ਮਦਨ ਗੋਪਾਲ ਸਿੰਘ ਦੀ ਗਾਇਕ ਮੰਡਲੀ ਦਾ ਨਾਂ ‘ਚਾਰ ਯਾਰ’ ਹੈ। ਅਮਜ਼ਦ ਖਾਂ (ਤਬਲਾ ਵਾਦਕ), ਦੀਪਕ ਕੈਸਟੇਰੀਨੋ (ਗਿਟਾਰ) ਤੇ ਪ੍ਰੀਤਮ ਗੋਸ਼ਾਲ (ਸਰੋਦ) ‘ਤੇ ਉਨ੍ਹਾਂ ਦੀ ਸੰਗਤ ਕਰਦੇ ਹਨ ਤੇ ਇਹ ਗਾਇਕ ਮੰਡਲੀ ਦੁਨੀਆਂ ਦੀਆਂ ਵੱਖ ਵੱਖ ਥਾਵਾਂ ‘ਤੇ ਆਪਣੇ ਫ਼ਨ ਦਾ ਮੁਜ਼ਾਹਰਾ ਕਰ ਚੁੱਕੀ ਹੈ। ਮਦਨ ਗੋਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਾਹੀਨ ਬਾਗ਼, ਫਿਲਮਸਾਜ਼ ਰਾਹੁਲ ਰਾਏ ਅਤੇ ਸਬਾ ਦੀਵਾਨ ਦੇ ਸੱਦੇ ‘ਤੇ ਪੁੱਜੇ। ਮਦਨ ਗੋਪਾਲ ਨੇ ਉੱਥੇ ਕਬੀਰ, ਰੂਮੀ, ਫ਼ੈਜ਼ ਅਹਿਮਦ ਫ਼ੈਜ਼, ਬੁੱਲ੍ਹੇਸ਼ਾਹ, ਅਮੀਰ ਖੁਸਰੋ ਤੇ ਭਰਥਰੀ ਹਰੀ ਤੇ ਹੋਰਨਾਂ ਦਾ ਕਲਾਮ ਸੁਣਾਇਆ। ਉਨ੍ਹਾਂ ਕਿਹਾ, ”ਉੱਥੋਂ ਦਾ ਮਾਹੌਲ ਵੱਖਰਾ ਸੀ। ਇਹੋ ਜਿਹਾ ਜਜ਼ਬਾ ਮੈਂ ਕਿਸੇ ਹੋਰ ਥਾਂ ਨਹੀਂ ਵੇਖਿਆ। ਉਸ ਮਾਹੌਲ ਵਿਚ ਵੱਖਰੀ ਤਰ੍ਹਾਂ ਦੀ ਊਰਜਾ ਹੈ। ਉਹ ਸਰੋਤੇ ਸਾਧਾਰਨ ਸਰੋਤੇ ਨਹੀਂ ਹਨ; ਇਹੋ ਜਿਹੇ ਨਹੀਂ ਸਨ, ਜਿਹੜੇ ਕਿਸੇ ਗਾਇਕ ਨੂੰ ਸ਼ਰਧਾ ਭਾਵ ਨਾਲ ਸੁਣ ਰਹੇ ਹੋਣ। ਉਹ ਸਾਡੀ ਗਾਇਕੀ ਵਿਚ ਹਿੱਸਾ ਲੈ ਰਹੇ ਸਨ। ਉੱਥੇ ਜਜ਼ਬਿਆਂ ਦਾ ਹੜ੍ਹ ਆਇਆ ਹੋਇਆ ਸੀ।”
ਉਨ੍ਹਾਂ ਨੇ ਭਾਵੁਕ ਹੋ ਕੇ ਕਿਹਾ ਉੱਥੋਂ ਦੇ ਮਾਹੌਲ ਨੂੰ ਵੇਖ ਕੇ ਮਹਿਸੂਸ ਹੋਇਆ ਕਿ ਸਾਨੂੰ ਆਪਣੇ ਲੋਕ ਵਿਰਸੇ ਵਿਚੋਂ ਪੁਰਾਣੇ ਗੀਤ, ਕਾਫ਼ੀਆਂ ਤੇ ਸਲੋਕ ਸੁਣਾਉਣੇ ਚਾਹੀਦੇ ਹਨ ਜਿਨ੍ਹਾਂ ਵਿਚ ਲੋਕਾਈ ਦੇ ਜਜ਼ਬੇ ਸਾਹਮਣੇ ਆਉਣ। ਅਸੀਂ ਲੋਕਾਂ ਨੂੰ ਦੱਸਿਆ ਕਿ ਕਿਵੇਂ ਪੰਜਾਬ ਦਾ ਇਹ ਸ਼ਾਇਰ ਬਿਸਮਿੱਲ੍ਹਾ ਕਹਿ ਕੇ ਹੋਲੀ ਮਨਾਉਂਦਿਆਂ ਹਿੰਦੂ-ਮੁਸਲਿਮ ਭਾਈਚਾਰਿਆਂ ਦੀ ਸਾਂਝ ਚਿਤਵਦਾ ਹੈ। ਅਸੀਂ ਉਨ੍ਹਾਂ ਨੂੰ ਅਮੀਰ ਖੁਸਰੋ ਦਾ ‘ਆਜ ਰੰਗ ਹੈ ਰੀ’ ਵੀ ਸੁਣਾਇਆ।”
ਮਦਨ ਗੋਪਾਲ ਨੇ ਦੱਸਿਆ ਕਿ ਉਸ ਨੂੰ ਗਾਉਣ ਦਾ ਅਜਿਹਾ ਆਨੰਦ ਇਸ ਤੋਂ ਪਹਿਲਾਂ ਉਦੋਂ ਆਇਆ ਸੀ ਜਦੋਂ ਕਈ ਵਰ੍ਹੇ ਪਹਿਲਾਂ ਉਸ ਨੇ ਲਹਿੰਦੇ ਪੰਜਾਬ ਵਿੱਚ ਬਾਬਾ ਬੁੱਲ੍ਹੇਸ਼ਾਹ ਦੀ ਮਜ਼ਾਰ ‘ਤੇ ਦਿਹਾਤੀ ਲੋਕਾਂ ਦੀ ਮਜਲਿਸ ਵਿਚ ਬੁੱਲ੍ਹੇਸ਼ਾਹ ਗਾਇਆ ਸੀ ਤਾਂ ਲੋਕ ਵਜ਼ਦ ਵਿੱਚ ਆ ਕੇ ‘ਤੇਰਾ ਸ਼ਾਹ ਮੇਰਾ ਸ਼ਾਹ ਬੁੱਲ੍ਹੇਸ਼ਾਹ’ ਗਾਉਣ ਲੱਗ ਪਏ। ਮਸ਼ਹੂਰ ਗਾਂਧੀਵਾਦੀ ਨਿਰਮਲਾ ਦੇਸ਼ਪਾਂਡੇ ਵੀ ਉੱਥੇ ਮੌਜੂਦ ਸੀ।
ਗਾਇਕ ਮੰਡਲੀ ਨੇ ਭਰਥਰੀ ਹਰੀ ਦੇ ਸੰਸਕ੍ਰਿਤ ਵਿਚਲੇ ਸਲੋਕ ਗਾਏ, ਜਿਨ੍ਹਾਂ ਵਿੱਚ ਦੱਸਿਆ ਕਿ ਘ੍ਰਿਣਾ ਕਰਨ ਵਾਲਿਆਂ ਕੋਲ ਨਾ ਵਿਦਿਆ ਹੈ, ਨਾ ਤਪ; ਅਜਿਹੇ ਲੋਕਾਂ ਕੋਲ ਨਿਮਰਤਾ, ਧਰਮ ਜਾਂ ਹੋਰ ਕੋਈ ਗੁਣ ਵੀ ਨਹੀਂ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪੁਰਾਣੇ ਵਿਦਵਾਨ ਸਭ ਭਾਸ਼ਾਵਾਂ ਦਾ ਸਤਿਕਾਰ ਕਰਦੇ ਸਨ ਤੇ ਖਵਾਜ਼ਾ ਮੋਇਨੂਦੀਨ ਚਿਸ਼ਤੀ, ਦਾਤਾਗੰਜ ਬਕਸ਼, ਅਮੀਰ ਖੁਸਰੋ ਤੇ ਹੋਰ ਵਿਦਵਾਨਾਂ ਨੂੰ ਅਰਬੀ, ਫ਼ਾਰਸੀ ਦੇ ਨਾਲ ਨਾਲ ਸੰਸਕ੍ਰਿਤ ਤੇ ਸਥਾਨਕ ਭਾਸ਼ਾਵਾਂ ਦਾ ਵੀ ਗੂੜ੍ਹ ਗਿਆਨ ਸੀ।
ਸ਼ਾਹੀਨ ਬਾਗ਼ ਵਿਚ ਮਦਨ ਗੋਪਾਲ ਦੇ ਗਰੁੱਪ ਦੀ ਗਾਇਕੀ ਸੁਣਨ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਇਸ ਗਾਇਕ ਮੰਡਲੀ ਨੇ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ ‘ਬੋਲ ਕਿ ਲਬ ਆਜ਼ਾਦ ਹੈ ਤੇਰੇ’ ਗਾਈ ਤਾਂ ਲੋਕ ਜੋਸ਼ ਵਿਚ ਆ ਗਏ। ਇਸੇ ਤਰ੍ਹਾਂ ਜਦੋਂ ਇਸ ਗਾਇਕ ਮੰਡਲੀ ਨੇ ਭਗਤ ਕਬੀਰ ਦਾ ਸ਼ਬਦ ‘ਆਨੰਦ ਮੰਗਲ ਗਾਓ ਮੇਰੀ ਸੱਜਣੀ।। ਭਇਓ ਪਰਭਾਤ ਬੀਤ ਗਈ ਰਜਨੀ।’ ਗਾਇਆ ਤਾਂ ਸਾਰੇ ਲੋਕ ਝੂਮਦੇ ਹੋਏ ਗਾਉਣ ਲੱਗ ਪਏ। ਉਨ੍ਹਾਂ ਨੂੰ ਲੱਗਾ ਕਿ ਰਜਨੀ (ਰਾਤ) ਬੀਤ ਗਈ ਹੈ ਤੇ ਪ੍ਰਭਾਤ ਆਉਣ ਵਾਲੀ ਹੈ। ਸ਼ਾਹੀਨ ਬਾਗ਼ ਦੇ ਲੋਕਾਂ ਦੀ ਜਮਹੂਰੀ ਆਵਾਜ਼ ਦੇਸ਼ ਦੀ ਜਮਹੂਰੀਅਤ ਦੀ ਰਾਖੀ ਦਾ ਚਿੰਨ੍ਹ ਬਣ ਚੁੱਕੀ ਹੈ। ਰਾਤ ਹੋਰ ਕਲਾਕਾਰਾਂ ਜਿਨ੍ਹਾਂ ਸ਼ੁਭਾ ਮੁਦਗਿਲ, ਕੁਸ਼ਾ ਕਪਿਲਾ, ਨਵੀਨ, ਮੂੰਗਫਲੀ ਬੈਂਡ ਵੀ ਨੇ ਵੀ ਲੋਕ ਰੋਹ ਅਤੇ ਮਨੁੱਖਤਾ ਦੀ ਆਵਾਜ਼ ਨੂੰ ਬੁਲੰਦ ਕੀਤਾ।