ਪਹਿਲੇ ਮਰੀਜ਼ ਨੂੰ ਲਗਾਇਆ ਗਿਆ ਕੋਰੋਨਾ ਦਾ ਟੀਕਾ

0
1045

ਕੋਰੋਨਾ ਵਾਇਰਸ ਦਾ ਇਲਾਜ ਤਲਾਸ਼ਣ ਲਈ ਦੁਨੀਆ ਭਰ ਦੇ ਵਿਗਿਆਨੀ ਦਿਨ-ਰਾਤ ਕੋਸ਼ਿਸ਼ ਕਰ ਰਹੇ ਹਨ। ਹੁਣ ਬ੍ਰਿਟੇਨ ‘ਚ ਇਸ ਦੀ ਵੈਕਸੀਨ ਦਾ ਟੈਸਟ ਸ਼ੁਰੂ ਹੋਇਆ ਹੈ। ਵੀਰਵਾਰ ਨੂੰ ਚੋਣਵੇ ਮਰੀਜ਼ਾਂ ਨੂੰ ਟੀਕੇ ਲਗਾਏ ਗਏ। ਇਹ ਦੁਨੀਆ ਦਾ ਸਭ ਤੋਂ ਵੱਡਾ ਡਰੱਗ ਟ੍ਰਾਇਲ ਦੱਸਿਆ ਜਾ ਰਿਹਾ ਹੈ। ਅਣਕਿਆਸੀ ਤੇਜ਼ੀ ਨਾਲ ਇਨਸਾਨਾਂ ‘ਤੇ ਸ਼ੁਰੂ ਹੋਏ ਇਸ ਵੈਕਸੀਨ ਟਰਾਇਲ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਵਿਗਿਆਨੀਆਂ ਨੇ ਪ੍ਰੀਖਣ ‘ਚ ਸਫ਼ਲਤਾ ਦੀ ੮੦ ਫ਼ੀਸਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਬ੍ਰਿਟੇਨ ‘ਚ ੧੬੫ ਹਸਪਤਾਲਾਂ ‘ਚ ਕਰੀਬ ੫੦੦੦ ਮਰੀਜ਼ਾਂ ਦਾ ੧ ਮਹੀਨੇ ਤਕ ਤੇ ਇਸੇ ਤਰ੍ਹਾਂ ਯੂਰਪ ਤੇ ਅਮਰੀਕਾ ‘ਚ ਸੈਂਕੜੇ ਲੋਕਾਂ ‘ਤੇ ਇਹ ਵੈਕਸੀਨ ਟ੍ਰਾਇਲ ਹੋਵੇਗਾ। ਆਕਸਫੋਰਡ ਯੂਨੀਵਰਸਿਟੀ ਦੇ ਇਨਫੈਕਟਿਡ ਰੋਗ ਵਿਭਾਗ ਨੂੰ ਪ੍ਰੋਫੈਸਰ ਪੀਟਰ ਹਾਰਬੀ ਦੱਸਦੇ ਹਨ, ਇਹ ਦੁਨੀਆ ਦਾ ਸਭ ਤੋਂ ਵੱਡਾ ਟ੍ਰਾਇਲ ਹੈ।
ਪ੍ਰੋਫੈਸਰ ਹਾਰਬੀ ਪਹਿਲਾਂ ਇਬੋਲਾ ਦੀ ਦਵਾਈ ਦੇ ਟ੍ਰਾਇਲ ਦੀ ਅਗਵਾਈ ਕਰ ਚੁੱਕੇ ਹਨ, ਉੱਥੇ ਹੀ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਦੱਸਿਆ ਕਿ ੨ ਵੈਕਸੀਨ ਇਸ ਵੇਲੇ ਸਭ ਤੋਂ ਅੱਗੇ
ਹਨ।
ਇਕ ਆਕਸਫੋਰਡ ਤੇ ਦੂਸਰੀ ਇੰਪੀਰੀਅਲ ਕਾਲਜ ‘ਚ ਤਿਆਰ ਹੋਈਆਂ ਹਨ। ਹੈਨਕੌਕ ਮੁਤਾਬਿਕ, ਆਮਤੌਰ ‘ਤੇ ਇੱਥੇ ਤਕ ਪਹੁੰਚਣ ‘ਚ ਸਾਲਾਂ ਲੱਗ ਜਾਂਦੇ ਹਨ ਤੇ ਹੁਣ ਤਕ ਜੋ ਕੰਮ ਕੀਤਾ ਗਿਆ ਹੈ ਉਸ ‘ਤੇ ਮੈਨੂੰ ਮਾਣ ਹੈ।