ਬੀ.ਸੀ. ‘ਚ ਘਰੇਲੂ ਹਿੰਸਾ ‘ਚ ਹੋਇਆ ਵਾਧਾ

0
1875

ਐਬਟਸਫੋਰਡ: ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਮਿਸ਼ਨਰ ਕਸਾਰੀ ਗੋਵਿੰਦਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਘਰੇਲੂ ਹਿੰਸਾ ਵਿਚ ੩੦੦ ਫ਼ੀਸਦੀ ਵਾਧਾ ਹੋਇਆ ਹੈ ਜੋ ਕਿ ਇਸ ਔਖੇ ਸਮੇਂ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਔਰਤਾਂ ਤੇ ਬੱਚੇ ਹੀ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ।
ਵੈਨਕੂਵਰ ਦੀ ਬੈਟਰਡ ਵੂਮੈਨਜ਼ ਸਪੋਰਟ ਸੁਸਾਇਟੀ ਨੇ ਰੋਜ਼ਾਨਾ ਆਉਂਦੀਆਂ ਫ਼ੋਨ ਕਾਲਾਂ ਵਿਚ ਭਾਰੀ ਵਾਧਾ ਦਰਜ਼ ਕੀਤਾ ਹੈ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਜਿਥੇ ਇਕ ਦਿਨ ਵਿਚ ੪ ਕਾਲਾਂ ਆਉਂਦੀਆਂ ਸਨ, ਉਥੇ ਹੁਣ ਰੋਜ਼ਾਨਾ ੧੮ ਕਾਲਾਂ ਘਰੇਲੂ ਹਿੰਸਾ ਦੇ ਮਾਮਲਿਆਂ ਬਾਰੇ ਆਉਂਦੀਆਂ ਹਨ।
ਕਮਿਸ਼ਨਰ ਕਸਾਰੀ ਗੋਵਿੰਦਰ ਨੇ ਦੱਸਿਆ ਕਿ ਸਮਾਜਿਕ ਦੂਰੀ ਭਾਵ ਇਕੱਲਤਾ ਮਜ਼ਬੂਤ ਪਰਿਵਾਰਕ ਰਿਸ਼ਤਿਆਂ ਵਿਚ ਤਰੇੜਾਂ ਪਾਉਣ ਦਾ ਇਕ ਵੱਡਾ ਕਾਰਨ
ਹੈ। ਵੈਨਕੂਵਰ ਦੇ ਪੁਲਿਸ ਮੁਖੀ ਐਡਮ ਪਾਲਮਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ੩੦ ਫ਼ੀਸਦੀ ਵਾਧਾ ਹੋਇਆ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਉਕਤ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਸ਼ਾਮਿਲ ੪੦ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ
ਹੈ।