ਕੋਰੋਨਾ ਕਾਰਨ 10 ਸਾਲ ਪਿੱਛੇ ਚਲਾ ਜਾਵੇਗਾ ਭਾਰਤ, ਕਰੋੜਾਂ ਲੋਕ ਹੋਣਗੇ ਗਰੀਬ-ਯੂਐਨ ਰਿਪੋਰਟ

0
1540

ਦਿੱਲੀ: ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਅਤੇ ਜ਼ਿਆਦਾਤਰ ਦੇਸ਼ਾਂ ਵਿਚ ਲੌਕਡਾਊਨ ਜਾਰੀ ਹੈ। ਲੌਕਡਾਊਨ ਕਾਰਨ ਭਾਰਤ ਸਮੇਤ ਦੁਨੀਆ ਭਰ ਦੇ ਅਰਥਚਾਰੇ ‘ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਅਜਿਹੇ ਵਿਚ ਯੂਐਨ ਦੀ ਰਿਪੋਰਟ ਸਾਹਮਣੇ ਆਈ ਹੈ, ਇਸ ਨਾਲ ਦੇਸ਼ ਦੀ ਪਰੇਸ਼ਾਨੀ ਹੋਰ ਵਧ ਸਕਦੀ ਹੈ।
ਲੌਕਡਾਊਨ ਨਾਲ ਜੂਝਦੇ ਹੋਏ ਦੇਸ਼ ਨੂੰ ਆਰਥਕ ਮੰਦੀ ਤੋਂ ਬਚਾਉਣ ਲਈ ਭਾਰਤ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਇਸ ਕੋਸ਼ਿਸ਼ ਦੇ ਬਾਵਜੂਦ ਵੀ ਦੇਸ਼ ਦੀ ਅਰਥ ਵਿਵਸਥਾ ‘ਤੇ ਕੋਰੋਨਾ ਦਾ ਬੁਰਾ ਪ੍ਰਭਾਵ ਪੈਣਾ ਤੈਅ ਹੈ। ਯੂਐਨ ਦੀ ਰਿਪੋਰਟ ਮੁਤਾਬਕ ਕੋਰੋਨਾ ਕਾਰਨ ਕਰੀਬ 10 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਣਗੇ।
ਇਸ ਦਾ ਸਭ ਤੋਂ ਵੱਡਾ ਕਾਰਨ ਦੇਸ਼ ਵਿਚ ਆਰਥਕ ਗਤੀਵਿਧੀਆਂ ਦਾ ਪੂਰੀ ਤਰਾਂ ਬੰਦ ਹੋ ਜਾਣਾ ਦੱਸਿਆ ਗਿਆ ਹੈ। ਯੂਐਨ ਦੇ ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਕਾਰਨ ਕੀਤੇ ਗਏ ਲੌਕਡਾਊਨ ਨੂੰ ਲੈ ਕੇ ਹਾਲ ਹੀ ਵਿਚ ਇਕ ਵਿਸ਼ਲੇਸ਼ਣ ਕੀਤਾ ਹੈ। ਇਸ ਅਧਾਰ ‘ਤੇ ਕਿਹਾ ਜਾ ਰਿਹਾ ਹੈ ਕਿ ਭਾਰਤ ਵਿਚ 104 ਮਿਲੀਅਨ ਤੋਂ ਜ਼ਿਆਦਾ ਲੋਕ ਵਿਸ਼ਵ ਬੈਂਕ ਵੱਲੋਂ ਨਿਰਧਾਰਿਤ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਣਗੇ।
ਯੂਐਨ ਮੁਤਾਬਕ ਹਾਲੇ ਜੋ ਲੋਕ ਰੋਜ਼ਾਨਾ 245 ਰੁਪਏ ਤੋਂ ਘੱਟ ਕਮਾਉਂਦੇ ਹਨ, ਉਹਨਾਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਰੱਖਿਆ ਜਾਂਦਾ ਹੈ। ਭਾਰਤ ਵਿਚ ਲਗਭਗ 60 ਫੀਸਦੀ ਅਬਾਦੀ ਯਾਨੀ 812 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਵਿਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ 90 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ।