ਕੇਂਦਰ ਵੱਲੋਂ ਪੰਜਾਬ ਨੂੰ ਕੋਰੋਨਾ ਲਈ ਨਹੀਂ ਦਿੱਤਾ ਗਿਆ ਕੋਈ ਫੰਡ

0
1446

ਚੰਡੀਗੜ੍ਹ: ਕੇਂਦਰੀ ਮੰਤਰੀ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਦਿੱਤੇ ਬਿਆਨ ‘ਤੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਕੋਵਿਡ-19 ਨਾਲ ਨਜਿੱਠਣ ਵਾਸਤੇ ਕੇਂਦਰ ਵੱਲੋਂ ਸੂਬੇ ਨੂੰ ਰਾਹਤ ਦੇਣ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਹਰਸਿਮਰਤ ਬਾਦਲ ਦੀ ਟਵੀਟ ਲੜੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਨੂੰ ਕੋਵਿਡ-19 ਸੰਕਟ ਨਾਲ ਲੜਨ ਵਾਸਤੇ ਕੇਂਦਰ ਤੋਂ ਫੰਡ ਅਤੇ ਗਰਾਂਟ ਮਿਲੇ ਹਨ, ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਤੁਹਾਡੀ ਸੂਚਨਾ ਬਿਲਕੁਲ ਗਲਤ ਹੈ।” ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦੀਆਂ ਟਿੱਪਣੀਆਂ ਨੂੰ ਉਹਨਾਂ ਦੀ ਆਦਤਨ ਝੂਠ ਬੋਲਣ ਅਤੇ ਆਪਣੇ ਹੀ ਸੂਬੇ ਦੇ ਮੁੱਢਲੇ ਤੱਥਾਂ ਬਾਰੇ ਜਾਣਕਾਰੀ ਨਾ ਹੋਣ ਵਾਲੀ ਕਰਾਰ ਦਿੰਦਿਆਂ ਕਿਹਾ, ”ਸੂਬੇ ਨੂੰ ਕੇਂਦਰ ਸਰਕਾਰ ਪਾਸੋਂ ਕੋਵਿਡ-19 ਖਿਲਾਫ ਨਜਿੱਠਣ ਵਾਸਤੇ ਕੋਈ ਪੈਸਾ ਨਹੀਂ ਮਿਲਿਆ।”
ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਤੱਥਾਂ ਨੂੰ ਜਾਂਚ ਲਿਆ ਕਰਨ। ਉਹਨਾਂ ਕਿਹਾ ਕਿ ਆਪਣੇ ਕੇਂਦਰੀ ਮੰਤਰੀ ਦੇ ਅਹੁਦੇ ਨੂੰ ਆਪਣੇ ਸੂਬੇ ਦੀ ਮਦਦ ਲਈ ਵਰਤਣ ਦੀ ਬਜਾਏ ਹਰਸਿਮਰਤ ਕੌਰ ਸ਼ਰਮਨਾਕ ਤਰੀਕੇ ਨਾਲ ਰਾਜਨੀਤੀ ਲਈ ਝੂਠ ਦਾ ਰੌਲਾ ਪਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂਆਂ ਨੂੰ ਕਿਹਾ, ”ਤੁਹਾਨੂੰ ਅਜਿਹੇ ਵੱਡੇ ਸੰਕਟ ਵਾਲੇ ਮੁੱਦੇ ਉਤੇ ਝੂਠ ਬੋਲਣ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ।”