ਲੌਕਡਾਊਨ ਨਾਲ ਨਹੀਂ ਹਾਰੇਗਾ ਕੋਰੋਨਾ, ਇਹ ਵਾਇਰਸ ਦਾ ਹੱਲ ਨਹੀਂ-ਰਾਹੁਲ ਗਾਂਧੀ

0
958

ਦਿੱਲੀ: ਭਾਰਤ ਵਿਚ ਵਧ ਰਹੇ ਕੋਰੋਨਾ ਦੇ ਕਹਿਰ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੋਸ਼ਲ ਮੀਡੀਆ ਦੇ ਜ਼ਰੀਏ ਲਾਈਵ ਹੋਏ। ਇਸ ਦੌਰਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਨੂੰ ਲੈ ਕੇ ਵਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਈ ਮੁੱਦਿਆਂ ‘ਤੇ ਉਹਨਾਂ ਦੀ ਸਹਿਮਤੀ ਨਹੀਂ ਹੈ, ਪਰ ਇਹ ਸਮਾਂ ਲੜਨ ਦਾ ਨਹੀਂ ਬਲਕਿ ਇਕੱਠੇ ਹੋ ਕੇ ਕੋਰੋਨਾ ਵਾਇਰਸ ਖਿਲਾਫ ਜੰਗ ਲੜਨ ਦਾ ਹੈ।
ਉਹਨਾਂ ਨੇ ਕਿਹਾ, ‘ਮੇਰੀਆਂ ਗੱਲਾਂ ਨੂੰ ਅਲ਼ੋਚਨਾ ਨਾ ਸਮਝਣਾ। ਇਹਨਾਂ ਨੂੰ ਇਕ ਸੁਝਾਅ ਦੇ ਤੌਰ ‘ਤੇ ਲੈਣਾ। ਮੈਂ ਕੁਝ ਰਚਨਾਤਮਕ ਸੁਝਾਅ ਦੇਣਾ ਚਾਹੁੰਦਾ ਹਾਂ। ਮੈਂ ਪਿਛਲੋ ਕੁਝ ਮਹੀਨਿਆਂ ਤੋਂ ਮਾਹਿਰਾਂ ਨਾਲ ਗੱਲ ਕਰ ਰਿਹਾ ਹਾਂ। ਉਸ ਅਧਾਰ ‘ਤੇ ਕਹਿ ਰਿਹਾ ਹਾਂ ਕਿ ਲੌਕਡਾਊਨ ਰੈੱਡ ਬਟਨ ਹੈ। ਇਹ ਕੋਰੋਨਾ ਦਾ ਪੂਰਾ ਇਲਾਜ ਨਹੀਂ ਹੈ।
ਲੌਕਡਾਊਨ ਖਤਮ ਹੁੰਦੇ ਹੀ ਵਾਇਰਸ ਅਪਣਾ ਕੰਮ ਕਰਨ ਲੱਗੇਗਾ। ਇਸ ਸਮੇਂ ਦੀ ਵਰਤੋਂ ਵੱਡੇ ਪੱਧਰ ‘ਤੇ ਟੈਸਟਿੰਗ ਲਈ ਕੀਤੀ ਜਾਣੀ ਚਾਹੀਦੀ ਹੈ’। ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਪੱਧਰ ‘ਤੇ ਟੈਸਟਿੰਗ ਹੋਣੀ ਚਾਹੀਦੀ ਹੈ, ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਦੇਸ਼ ਵਿਚ ਰਣਨੀਤੀ ਦੇ ਤਹਿਤ ਟੈਸਟਿੰਗ ਹੋਣੀ ਚਾਹੀਦੀ ਹੈ ਅਤੇ ਟੈਸਟਾਂ ਦੀ ਗਿਣਤੀ ਵੀ ਵਧਾਈ ਜਾਣੀ ਜਰੂਰੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੂਬਿਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ।
ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਨਾਲ ਲੜਨ ਲਈ ਮੈਡੀਕਲ ਅਤੇ ਅਰਥ ਵਿਵਸਥਾ ਦੋਵੇਂ ਮੋਰਚਿਆਂ ‘ਤੇ ਲੜਨਾ ਹੋਵੇਗਾ। ਉਹਨਾਂ ਕਿਹਾ ਕਿ ਲੋੜਵੰਦਾਂ ਨੂੰ ਰਾਸ਼ਨ ਕਾਰਡ ਦਿੱਤੇ ਜਾਣ। ਬੇਰੁਜ਼ਗਾਰੀ ਆਉਣ ਵਾਲੀ ਹੈ, ਉਸ ਨਾਲ ਲੜਨ ਦੀ ਤਿਆਰੀ ਕੀਤੀ ਜਾਵੇ। ਉਹਨਾਂ ਕਿਹਾ ਨਿਆ ਯੋਜਨਾ ਤਹਿਤ ਪੈਸੇ ਦੋਵੇ, ਚਾਹੇ ਇਸ ਯੋਜਨਾ ਦਾ ਨਾਂਅ ਬਦਲ ਦਿਓ।