ਪਰਵਾਸੀ ਮਜ਼ਦੂਰਾਂ ਤੇ ਕਿਸਾਨਾਂ ਦਾ ਮੋਦੀ ਦੇ ਭਾਸ਼ਨ ’ਚ ਕੋਈ ਜ਼ਿਕਰ ਨਹੀਂ: ਕਾਂਗਰਸ

0
1452

ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਕਰੋਨਾਵਾਇਰਸ ਨਾਲ ਨਜਿੱਠਣ ਸਬੰਧੀ ਸਰਕਾਰ ਦੀ ਰਣਨੀਤੀ ਬਾਰੇ ਦੇਸ਼ ਦੀ ਜਨਤਾ ਨੂੰ ਜਾਣੂ ਕਰਵਾਉਣ। ਕਾਂਗਰਸੀ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਵੀ ਦੱਸੇ ਕਿ ਕੀ ਕਦਮ ਚੁੱਕੇ ਗਏ ਹਨ, ਪ੍ਰਵਾਸੀ ਮਜ਼ਦੂਰਾਂ ਤੇ ਕਿਸਾਨ, ਜੋ ਫ਼ਸਲਾਂ ਦੀ ਵਾਢੀ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਬਾਰੇ ਸਰਕਾਰ ਦੀ ਕੀ ਯੋਜਨਾ ਹੈ? ਤਿਵਾੜੀ ਨੇ ਕਿਹਾ ਕਿ ਮੋਦੀ ਨੇ ਪ੍ਰਵਾਸੀ ਕਾਮਿਆਂ ਬਾਰੇ ਕੋਈ ਗੱਲ ਨਹੀਂ ਕੀਤੀ। ਉਹ ਸੂਬਾਈ ਸਰਹੱਦਾਂ ’ਤੇ ਇਕਾਂਤ ’ਚ ਰੱਖੇ ਹੋਏ ਹਨ ਤੇ ਕਈਆਂ ਨੇ 14 ਦਿਨ ਦਾ ਲਾਜ਼ਮੀ ਇਕਾਂਤਵਾਸ ਪੂਰਾ ਕਰ ਲਿਆ ਹੈ। ਇਨ੍ਹਾਂ ਬਾਰੇ ਸਰਕਾਰ ਦੀ ਹੁਣ ਕੀ ਯੋਜਨਾ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਨਾ ਪ੍ਰਧਾਨ ਮੰਤਰੀ ਨੇ ਟੈਸਟਿੰਗ ਵਧਾਉਣ ਤੇ ਨਾ ਹੀ ਪੀਪੀਈ ਦਾ ਕੋਈ ਜ਼ਿਕਰ ਕੀਤਾ। ਇਸ ਤੋਂ ਇਲਾਵਾ ਸਪਲਾਈ ਲੜੀ ਬਰਕਰਾਰ ਰੱਖਣ ਤੇ ਹਾੜੀ ਦੀਆਂ ਫ਼ਸਲਾਂ ਦੀ ਵਾਢੀ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ ਲੌਕਡਾਊਨ ਵਿਚ ਵਾਧੇ ਨੂੰ ਪੂਰੀ ਤਰ੍ਹਾਂ ਲਾਗੂ ਕਰੇਗੀ। ਐੱਨਸੀ ਆਗੂ ਉਮਰ ਅਬਦੁੱਲਾ ਨੇ ਤਾਲਾਬੰਦੀ 3 ਮਈ ਤੱਕ ਵਧਾਏ ਜਾਣ ਨੂੰ ਜ਼ਰੂਰੀ ਕਰਾਰ ਦਿੱਤਾ। ਉਨ੍ਹਾਂ ਅਪੀਲ ਕੀਤੀ ਕਿ ਇਸ ਮੁਸ਼ਕਲ ਸਮੇਂ ’ਚ ਗਰੀਬ ਤੇ ਲੋੜਵੰਦ ਦੀ ਮਦਦ ਕੀਤੀ ਜਾਵੇ। ਤਾਮਿਲਨਾਡੂ ’ਚ ਵਿਰੋਧੀ ਧਿਰ ਡੀਐਮਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਾਸ਼ਨ ’ਚ ਅਜਿਹਾ ਕੁਝ ਨਹੀਂ ਸੀ ਜਿਸ ਨਾਲ ਲੋਕਾਂ ਨੂੰ ਵਿੱਤੀ ਫਰੰਟ ’ਤੇ ਕੋਈ ਰਾਹਤ ਮਿਲਦੀ ਨਜ਼ਰ ਆਵੇ, ਹਾਲਾਂਕਿ ਉਨ੍ਹਾਂ ਕਿਹਾ ਕਿ ਤਾਲਾਬੰਦੀ ਵਧਾਉਣ ਤੋਂ ਇਲਾਵਾ ਸਰਕਾਰ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੈ ਕਿਉਂਕਿ ਸਾਰੇ ਪ੍ਰਭਾਵਿਤ ਵਿਅਕਤੀਆਂ ਦੀ ਸ਼ਨਾਖ਼ਤ ਔਖੀ ਹੈ ਤੇ ਸਾਰੇ ਪੀੜਤਾਂ ਨੂੰ ਇਕਾਂਤਵਾਸ ’ਚ ਰੱਖਣਾ ਵੀ ਸੌਖਾ ਨਹੀਂ ਹੈ। ਸੀਪੀਆਈ (ਐਮ) ਨੇ ਤਾਲਾਬੰਦੀ ਵਧਾਏ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਤਿੰਨ ਮਈ ਤੱਕ ‘ਲੌਕਡਾਊਨ’ ਵਧਣ ਨਾਲ ਗਰੀਬ ਤਬਕੇ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਇਸ ਅਰਸੇ ਲਈ ਕੋਈ ਠੋਸ ਯੋਜਨਾਬੰਦੀ ਨਹੀਂ ਹੈ। ਪਹਿਲਾਂ ਐਲਾਨੇ ਗਏ 3 ਹਫ਼ਤਿਆਂ ਦੇ ਲੌਕਡਾਊਨ ਵਿਚ ਲੋਕ ਭੁੱਖ ਨਾਲ ਵੱਡੇ ਪੱਧਰ ’ਤੇ ਪ੍ਰੇਸ਼ਾਨ ਹੋਏ ਹਨ ਤੇ ਕੋਈ ਆਸਰਾ ਨਹੀਂ ਮਿਲਿਆ। ਸੀਪੀਐਮ ਨੇ ਆਮਦਨ ਕਰ ਦੇ ਦਾਇਰੇ ਤੋਂ ਬਾਹਰ ਪਰਿਵਾਰਾਂ ਨੂੰ 7500 ਰੁਪਏ ਕੈਸ਼ ਟਰਾਂਸਫਰ ਕਰਨ ਤੇ ਲੋੜਵੰਦਾਂ ਨੂੰ ਅਨਾਜ ਮੁਫ਼ਤ ਦੇਣ ਦੀ ਮੰਗ ਕੀਤੀ ਤਾਂ ਕਿ ਕੋਈ ਭੁੱਖ ਨਾਲ ਨਾ ਮਰੇ। ਸ਼ਿਵ ਸੈਨਾ-ਐੱਨਸੀਪੀ ਗੱਠਜੋੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਭਾਸ਼ਨ ਖੋਖ਼ਲਾ ਸੀ। ਇਸ ’ਚ ਨਾ ਤਾਂ ਆਰਥਿਕਤਾ ਮਜ਼ਬੂਤ ਕਰਨ ਦੀ ਕੋਈ ਗੱਲ ਸੀ ਤੇ ਨਾ ਹੀ ਗਰੀਬਾਂ ਲਈ ਕੋਈ ਪੈਕੇਜ ਐਲਾਨਿਆ ਗਿਆ।