ਕੈਨੇਡਾ ਤੋਂ ਅੰਮ੍ਰਿਤਸਰ ਆਏ ਬੱਚੇ ਦੀ ਸਵਾਈਨ ਫਲੂ ਨਾਲ ਮੌਤ

0
1781

ਅੰਮ੍ਰਿਤਸਰ: ਕੈਨੇਡਾ ਤੋਂ ਅੰਮ੍ਰਿਤਸਰ ਆਏ ਤਿੰਨ ਸਾਲ ਦੇ ਬੱਚੇ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਪੰਜਾਬ ਵਿਚ ਇਸ ਨਾਲ ਇਸ ਸਾਲ ਇਹ ਪਹਿਲੀ ਮੌਤ ਹੈ। ਇਹ ਬੱਚਾ ਕੈਨੇਡਾ ਤੋਂ ਆਏ ਪਰਿਵਾਰ ਨਾਲ ਅੰਮਿ੍ਤਸਰ ਹਵਾਈ ਅੱਡੇ ’ਤੇ ਪੁੱਜਾ ਸੀ। ਹਵਾਈ ਅੱਡੇ ’ਤੇ ਹੀ ਉਸ ਦੀ ਹਾਲਤ ਵਿਗੜ ਗਈ। ਬੱਚੇ ਨੂੰ ਫੌਰਨ ਵੇਰਕਾ ਬਾਈਪਾਸ ਸਥਿਤ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੂੰ ਤਿੰਨ ਵਾਰ ਦਿਮਾਗ ਦਾ ਦੌਰਾ ਪਿਆ। ਨਾਲ ਹੀ ਗੁਰਦੇ ਤੇ ਲਿਵਰ ਨਾਕਾਮ ਹੋ ਗਏ ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਦਾ ਨਾਂ ਆਯਾਨ ਸਿੰਘ ਸੀ। ਜਿਸ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਇਹ ਬੱਚਾ ਕੈਨੇਡਾ ਤੋਂ ਭਾਰਤ ਆਇਆ ਉਹ ਰਾਹ ਵਿਚ ਚੀਨ ਦੇ ਸ਼ੰਗਾਈ ਹਵਾਈ ਅੱਡੇ ’ਤੇ ਛੇ ਘੰਟੇ ਰੁਕਿਆ ਸੀ।
ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ ਫੈਲਿਆ ਹੈ। ਇਸ ਵਾਇਰਸ ਨਾਲ ਚੀਨ ਵਿਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਸੈਂਕੜੇ ਲੋਕ ਪ੍ਰਭਾਵਿਤ ਹਨ। ਬੱਚੇ ਦਾ ਚੀਨ ਨਾਲ ਕੁਨੈਕਸ਼ਨ ਹੋਣ ਕਾਰਨ ਸਿਹਤ ਵਿਭਾਗ ਨੂੰ ਸ਼ੱਕ ਸੀ ਕਿ ਕਿਤੇ ਇਹ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਕਾਰਨ ਮੌਤ ਦੀ ਆਗੋਸ਼ ਵਿਚ ਨਾ ਸਮਾਇਆ ਹੋਵੇ। ਇਸ ਦੀ ਪੁਸ਼ਟੀ ਲਈ ਸਿਹਤ ਵਿਭਾਗ ਨੇ ਬੱਚੇ ਦੇ ਨਮੂਨੇ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਭੇਜੇੇ ਸਨ। ਇਹ ਸੈਂਪਲ ਵੀ ਹਵਾਈ ਜਹਾਜ਼ ਰਾਹੀਂ ਪੁਣੇ ਭੇਜੇ ਗਏ। ਪੁਣੇ ਤੋਂ ਈਮੇਲ ਆਈ ਜਿਸ ਵਿਚ ਕੋਰੋਨਾ ਵਾਇਰਸ ਨੈਗੇਟਿਵ ਆਇਆ ਜਦਕਿ ਬੱਚੇ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋਈ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਸਵਾਈਨ ਫਲੂ ਤੋਂ ਬਚਾਉਣ ਲਈ ਟੈਮੀਫਲੂ ਦਵਾਈ ਖੁਆਈ ਗਈ ਹੈ।