ਅਫ਼ਗਾਨਿਸਤਾਨ ਵਿਚ ਗੁਰਦੁਆਰੇ ’ਤੇ ਹੋਏ ਹਮਲੇ ਵਿਚ ਆਈਐਸਆਈਐਸ ਦਾ ਇਕ ਅੱਤਵਾਦੀ ਗ੍ਰਿਫ਼ਤਾਰ

0
948

ਦਿੱਲੀ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ 10 ਦਿਨ ਪਹਿਲਾਂ ਇਕ ਗੁਰਦੁਆਰੇ ‘ਤੇ ਹੋਏ ਹਮਲੇ ਵਿਚ 27 ਸਿੱਖ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ। ਹੁਣ ਇਸ ਮਾਮਲੇ ਵਿੱਚ ਖੁਫੀਆ ਏਜੰਸੀ ਨੇ ਮੌਲਵੀ ਅਬਦੁੱਲਾ ਉਰਫ ਇਸਲਾਮ ਫਾਰੂਕੀ ਨਾਮਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਇੱਕ ਪਾਕਿਸਤਾਨੀ ਨਾਗਰਿਕ ਹੈ। ਉਸ ਦੇ ਚਾਰ ਸਾਥੀ ਹਮਲੇ ਵਿਚ ਸ਼ਾਮਲ ਹੋਣ ਕਰ ਕੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਫਗਾਨ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਫਾਰੂਕੀ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਇਕ ਸੀਨੀਅਰ ਕਾਰਜਕਾਰੀ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦਾ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਜਲਦੀ ਹੀ ਇਸ ਮਾਮਲੇ ਵਿਚ ਭਾਰਤੀ ਏਜੰਸੀਆਂ ਨਾਲ ਜਾਣਕਾਰੀ ਸਾਂਝੇ ਕਰੇਗਾ।
ਭਾਰਤ ਨਾਲ ਹੁਣ ਤਕ ਸਾਂਝੀ ਕੀਤੀ ਜਾਣਕਾਰੀ ਦੇ ਅਨੁਸਾਰ, ਫਾਰੂਕੀ ਦੇ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਇਬਾ ਅਤੇ ਹੱਕਾਨੀ ਨੈਟਵਰਕ ਨਾਲ ਸਬੰਧਤ ਹਨ। ਫਾਰੂਕੀ ਦਾ ਅਸਲ ਨਾਮ ਅਬਦੁੱਲਾ ਉਰਕਜ਼ਈ ਹੈ। ਉਹ ਖੈਬਰ ਪਖਤੂਨਖਵਾ, ਪਾਕਿਸਤਾਨ ਦਾ ਰਹਿਣ ਵਾਲਾ ਹੈ। ਏਜੰਸੀ ਨੇ ਦੱਸਿਆ ਹੈ ਕਿ ਅਪ੍ਰੈਲ 2019 ਵਿਚ, ਫਾਰੂਕੀ ਨੇ ਮੌਲਵੀ ਜ਼ਿਆਉਲ ਹੱਕ ਨੂੰ ਆਈਐਸਕੇਪੀ ਦਾ ਮੁਖੀ ਨਿਯੁਕਤ ਕੀਤਾ ਸੀ।
ਇਸ ਤੋਂ ਪਹਿਲਾਂ ਫਾਰੂਕੀ ਲਸ਼ਕਰ ਅਤੇ ਤਹਿਰੀਕ-ਏ-ਤਾਲਿਬਾਨ ਵੀ ਪਾਕਿਸਤਾਨ ਨਾਲ ਜੁੜੇ ਹੋਏ ਸਨ। ਉਹਨਂ ਨੇ ਆਪਣੇ ਲੜਾਕੂਆਂ ਨੂੰ ਅਮਰੀਕਾ ਅਤੇ ਨਾਟੋਂ ਵਿਰੁੱਧ ਲੜਨ ਲਈ ਅਫਗਾਨਿਸਤਾਨ ਭੇਜਿਆ ਸੀ। ਗ੍ਰਿਫਤਾਰ ਕੀਤੇ ਗਏ ਬਾਕੀ 4 ਲੋਕਾਂ ਦਾ ਨਾਮ ਮਸੋਦੁੱਲਾ (ਆਈਐਸਕੇਪੀ ਅੱਤਵਾਦੀ), ਜ਼ਾਹਿਦ ਖਾਨ (ਆਈਐਸਕੇਪੀ ਅੱਤਵਾਦੀ), ਸਲਮਾਨ ਅਤੇ ਅਲੀ ਮੁਹੰਮਦ (ਆਈਐਸਆਈਐਸ ਅੱਤਵਾਦੀ) ਦੱਸਿਆ ਗਿਆ ਹੈ।
ਦਸ ਦਈਏ ਕਿ ਬੀਤੇ ਕੁੱਝ ਦਿਨ ਪਹਿਲਾਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਹੋਏ ਦਹਿਸ਼ਤਗਰਦੀ ਹਮਲੇ ਦੇ ਵਿੱਚ ਦਰਜਨਾਂ ਸਿੱਖ ਪਰਿਵਾਰਾਂ ਦੀ ਜਾਨ ਚਲੀ ਗਈ ਸੀ। ਉਸ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਸ਼ੰਕਰ ਸਿੰਘ ਵੀ ਸ਼ਾਮਿਲ ਸਨ ਜੋ ਆਪਣੀ ਪਤਨੀ ਪਿੰਕੀ ਦੇ ਨਾਲ ਕਾਬੁਲ ਵਿੱਚ ਰਹਿ ਰਹੇ ਸਨ ਅਤੇ ਗੁਰਦੁਆਰਾ ਸਾਹਿਬ ‘ਚ ਸੇਵਾ ਕਰਨ ਲਈ ਉੱਥੇ ਗਏ ਸਨ ਪਰ ਇਸ ਦਹਿਸ਼ਤਗਰਦੀ ਹਮਲੇ ‘ਚ ਸ਼ੰਕਰ ਸਿੰਘ ਦੀ ਜਾਨ ਚਲੀ ਗਈ।
ਸ਼ੰਕਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਸ ਦੀ ਭੈਣ ਨਾਲ ਸ਼ੰਕਰ ਸਿੰਘ ਦਾ ਵਿਆਹ 22 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ 6 ਬੱਚੇ ਵੀ ਨੇ ਜੋ ਲੁਧਿਆਣਾ ‘ਚ ਹੀ ਇੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਉਨ੍ਹਾਂ ਕਿਹਾ ਕਿ ਰੋਜ਼ੀ ਰੋਟੀ ਲਈ ਸ਼ੰਕਰ ਸਿੰਘ ਗੁਰਦੁਆਰਾ ਸਾਹਿਬ ‘ਚ ਸੇਵਾ ਕਰਨ ਜਾਂਦੇ ਸਨ ਅਤੇ ਉਨ੍ਹਾਂ ਦੀ ਪਤਨੀ ਪਿੰਕੀ ਵੀ ਕਾਬੁਲ ‘ਚ ਹੀ ਸੀ ਪਰ ਗੁਰਦੁਆਰੇ ‘ਤੇ ਹੋਏ ਦਹਿਸ਼ਤਗਰਦੀ ਹਮਲੇ ਵਿੱਚ ਉਸ ਦੇ ਜੀਜਾ ਸ਼ੰਕਰ ਸਿੰਘ ਦੀ ਮੌਤ ਹੋ ਗਈ।