ਟੋਰਾਂਟੋ: ਵਰਕ ਪਰਮਿਟ ਦਾ ਵੀਜ਼ਾ ਲੈ ਕੇ ਕੈਨੇਡਾ ਪੁੱਜਣ ’ਚ ਬੀਤੇ ਚਾਰ ਕੁ ਸਾਲਾਂ ਤੋਂ ਬਹੁਤ ਤੇਜ਼ੀ ਆਈ ਹੋਈ ਹੈ। ਉਨ੍ਹਾਂ ’ਚ ਵਿਦਿਆਰਥੀ ਵਜੋਂ ਜਾ ਰਹੇ ਕੁੜੀਆਂ ਅਤੇ ਮੁੰਡਿਆਂ ਦੇ ਪਤੀ ਅਤੇ ਪਤਨੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹਨ। ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਕੈਨੇਡੀਅਨ ਵਰਕ ਪਰਮਿਟ ਦੀ ਮਿਲੀ ਸਹੂਲਤ ’ਚ ਲੋਕਾਂ ਵਲੋਂ ਸੰਗਠਿਤ ਰੂਪ ’ਚ ਵੱਡੀ ਘਪਲੇਬਾਜ਼ੀ ਕਰਨ ਬਾਰੇ ਵੀ ਪਤਾ ਲੱਗਦਾ ਰਹਿੰਦਾ ਹੈ ਜਿਸ ਦੀ ਕੁਝ ਮਾਮਲਿਆਂ ’ਚ ਭਿਣਕ ਅੰਬੈਸੀ ਦੇ ਅਧਿਕਾਰੀਆਂ ਨੂੰ ਵੀ ਪੈ ਚੁੱਕੀ ਹੋਈ ਹੈ। ਇਹੀ ਕਾਰਨ ਹੈ ਕਿ ਵਿਆਹਾਂ ਦੀ ਸੌਦੇਬਾਜ਼ੀ ਬਾਰੇ ਪੁੱਛ-ਪੜਤਾਲ ਵਧੀ ਹੋਈ ਹੈ ਤਾਂ ਕਿ ਕੈਨੇਡਾ ਵਿਚ ਪਹੁੰਚਣ ਲਈ ਕੀਤੇ ਜਾਂਦੇ ਨਕਲੀ ਰਿਸ਼ਤਿਆਂ ਦੀ ਪੈੜ ਦੱਬੀ ਜਾ ਸਕੇ। ਬੀਤੀ 16 ਜਨਵਰੀ ਨੂੰ ਕੈਨੇਡਾ ਵਿਚ ਫੈਡਰਲ ਕੋਰਟ ਦਾ ਇਕ ਸਖ਼ਤ ਫ਼ੈਸਲਾ ਆਇਆ ਹੈ ਜਿਸ ਦਾ ਸਖ਼ਤ ਅਸਰ ਭਵਿੱਖ ਵਿਚ ਵਰਕ ਪਰਮਿਟ ਦੀਆਂ ਅਰਜ਼ੀਆਂ ਉੱਪਰ ਪੈਣ ਦੇ ਪੱਕੇ ਆਸਾਰ ਹਨ। ਉਹ ਫ਼ੈਸਲਾ ਅੰਮਿ੍ਤਵੀਰ ਸਿੰਘ ਬੈਂਸ ਨੂੰ ਦਿੱਲੀ ਸਥਿਤ ਕੈਨੇਡੀਅਨ ਅੰਬੈਸੀ ਤੋਂ ਵਰਕ ਪਰਮਿਟ ਦੀ ਹੋਈ ਨਾਂਹ ਬਾਰੇ ਹੈ। ਉਸ ਨੇ ਕੈਨੇਡਾ ਵਿਚ ਪੜ੍ਹਦੀ ਆਪਣੀ ਪਤਨੀ ਨਾਲ ਜਾ ਕੇ ਰਹਿਣਾ ਸੀ। ਇੰਟਰਵਿਊ ਦੌਰਾਨ ਉਹ ਵੀਜ਼ਾ ਅਫ਼ਸਰ ਦੇ (ਸਧਾਰਨ) ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ ਤਾਂ ਉਸ ਨੂੰ ਵਰਕ ਪਰਮਿਟ ਤੋਂ ਨਾਂਹ ਤਾਂ ਕਰ ਹੀ ਦਿੱਤੀ ਗਈ, ਇਸ ਦੇ ਨਾਲ ਹੀ ਅਫ਼ਸਰ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਦੇ ਕਸੂਰ ਕਾਰਨ 5 ਸਾਲਾਂ ਵਾਸਤੇ ਕੈਨੇਡਾ ਤੋਂ ਬੈਨ ਵੀ ਕਰ ਦਿੱਤਾ ਗਿਆ। ਕੈਨੇਡਾ ਦਾ ਇਮੀਗ੍ਰੇਸ਼ਨ ਕਾਨੂੰਨ ਅਜਿਹਾ ਹੈ ਕਿ ਜੇਕਰ ਪਰਿਵਾਰ ਦਾ ਇਕ ਜੀਅ ਬੈਨ ਕਰ ਦਿੱਤਾ ਜਾਵੇ ਤਾਂ ਸਾਰੇ ਪਰਿਵਾਰ ਨੂੰ ਬੈਨ ਸਮਝਿਆ ਜਾਂਦਾ ਹੈ। ਇਸ ਦਾ ਭਾਵ ਹੈ ਕਿ ਅੰਮਿ੍ਤਵੀਰ ਦੀ ਪਤਨੀ ਹੁਣ ਖ਼ੁਦ ਕੈਨੇਡਾ ਵਿਚ ਪੱਕੀ ਹੋਣ ਵਾਸਤੇ ਅਗਲੇ ਕੁਝ ਸਾਲਾਂ ਦੌਰਾਨ ਅਰਜ਼ੀ ਨਹੀਂ ਕਰ ਸਕੇਗੀ। ਅੰਮਿਤਵੀਰ ਦੇ ਮਾਪੇ ਅਤੇ ਪਤਨੀ ਸਿਮਰਨਜੀਤ ਕੌਰ ਕੈਨੇਡਾ ਵਿਚ ਹਨ । ਕੇਸ ਦੀ ਇਬਾਰਤ ਮੁਤਾਬਿਕ ਉਹ ਉੱਥੇ ਇਕੱਠੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਉੱਥੇ ਫੈਡਰਲ ਕੋਰਟ ਵਿਚ ਅਪੀਲ ਕੀਤੀ ਸੀ ਤਾਂ ਕਿ ਅੰਬੈਸੀ ਦਾ ਫ਼ੈਸਲਾ ਬਦਲਿਆ ਜਾ ਸਕੇ। ਅਦਾਲਤ ਦੇ ਜੱਜ ਕੀਥ ਬੋਸਵੈਲ ਨੇ ਸਖ਼ਤ ਰੁੱਖ ਅਪਣਾਉਂਦਿਆਂ ਅਪੀਲ ਰੱਦ ਕਰ ਦਿੱਤੀ ਹੈ ਅਤੇ ਅੰਮਿਤਵੀਰ ਦੀ ਅਰਜ਼ੀ ਰੱਦ ਕਰਨ ਬਾਰੇ ਅੰਬੈਸੀ ਦੇ ਫ਼ੈਸਲੇ ਨੂੰ ਢੁਕਵਾਂ ਕਰਾਰ ਦਿੱਤਾ
ਹੈ।