ਵਾਸ਼ਿੰਗਟਨ: ਕਰੋਨਾਵਾਇਰਸ ਕਾਰਨ ਜਪਾਨ ਦੇ ਮਸ਼ਹੂਰ ਕਾਮੇਡੀਅਨ ਕੇਨ ਸ਼ਿਮੂਰਾ, ਅਮਰੀਕੀ ਸੰਗੀਤਕਾਰ ਤੇ ਗੀਤਕਾਰ ਐਲਨ ਮੈਰਿਲ ਅਤੇ ਅਮਰੀਕੀ ਲੋਕ ਗਾਇਕ ਜੋਇ ਡਿੱਫੀ ਦੀ ਮੌਤ ਹੋ ਗਈ। ਅਮਰੀਕੀ ਗਾਇਕ ਜੌਹਨ ਪ੍ਰਾਈਨ ਦੀ ਵੀ ਹਾਲਤ ਗੰਭੀਰ ਹੈ। ਕਰੋਨਾਵਾਇਰਸ ਤੋਂ ਪੀੜਤ ਦਿੱਗਜ ਜਪਾਨੀ ਕਾਮੇਡੀਅਨ ਕੇਨ ਸ਼ਿਮੂਰਾ ਦਾ ਦੇਹਾਂਤ ਹੋ ਗਿਆ ਹੈ। ਉਹ ੭੦ ਸਾਲ ਦੇ ਸਨ। ਹੌਲੀਵੁੱਡ ਰਿਪੋਰਟਰ ਅਨੁਸਾਰ ਸ਼ਿਮੂਰਾ ਨੂੰ ੨੦ ਮਾਰਚ ਨੂੰ ਟੋਕੀਓ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਉਹ ‘ਸ਼ਿਮੂਰਾ ਕੇਨ ਨੋ ਬਾਕਾਤੋਨੋ-ਸਾਮਾ’ ਲਈ ਮਸ਼ਹੂਰ ਸੀ। ਸ਼ਿਮੂਰਾ ਕਾਮੇਡੀ ਰੌਕ ਬੈਂਡ ‘ਡਰਿਫਟਰਜ’ ਦੇ ਮੈਂਬਰ ਵੀ ਸੀ ਜੋ ੭੦ ਤੇ ੮੦ ਦੇ ਦਹਾਕੇ ‘ਚ ਬਹੁਤ ਮਸ਼ਹੂਰ ਸੀ। ਦੂਜੇ ਪਾਸੇ ਅਮਰੀਕੀ ਸੰਗੀਤਕਾਰ-ਗੀਤਕਾਰ ਐਲਨ ਮੈਰਿਲ ਦਾ ਵੀ ਕਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ
ਹੈ।
ਉਹ ੬੯ ਸਾਲ ਦੇ ਸਨ। ਉਨ੍ਹਾਂ ਦੀ ਧੀ ਲਾਰਾ ਮੈਰਿਲ ਨੇ ਫੇਸਬੁੱਕ ‘ਤੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਕਿ ਬੀਤੇ ਦਿਨੀਂ ਸਵੇਰੇ ਕਰੋਨਾਵਾਇਰਸ ਕਾਰਨ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉੱਧਰ ਗਰੈਮੀ ਐਵਾਰਡ ਨਾਲ ਸਨਮਾਨਿਤ ਅਮਰੀਕੀ ਲੋਕ ਗਾਇਕ ਜੋਇ ਡਿੱਫੀ ਦੀ ਵੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਉਹ ੬੧ ਸਾਲ ਦੇ ਸਨ। ਡਿਫੀ ਦੇ ਦੇਹਾਂਤ ਦਾ ਐਲਾਨ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਕੀਤਾ ਗਿਆ। ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਵਾਇਰਸ ਤੋਂ ਪੀੜਤ ਹਨ ਤੇ ਇਲਾਜ ਕਰਵਾ ਰਹੇ
ਹਨ।
ਡਿਫੀ ਨੇ ੧੯੯੦ ਦੇ ਦਹਾਕੇ ‘ਚ ਕਈ ਮਸ਼ਹੂਰ ਗੀਤ ਦਿੱਤੇ ਸੀ। ਇਸੇ ਦੌਰਾਨ ਗਰੈਮੀ ਐਵਾਰਡ ਨਾਲ ਸਨਮਾਨਤ ਇੱਕ ਹੋਰ ਅਮਰੀਕੀ ਗਾਇਕ ਜੌਹਨ ਪ੍ਰਾਈਨ ਵੀ ਕਰੋਨਾ ਤੋਂ ਪੀੜਤ ਹੋ ਗਏ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ ਕਿ ਕੋਵਿਡ-੧੯ ਦੇ ਲੱਛਣ ਦਿਖਾਈ ਦੇਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਈਨ (੭੩) ਨੂੰ ਜਨਵਰੀ ‘ਚ ਗਰੈਮੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।