ਯੂਨਾਈਟਿਡ ਸਿੱਖਜ਼ ਸੰਸਥਾ ਵੱਲੋਂ ਸਮੁੱਚੇ ਵਿਸ਼ਵ ਵਿਚ ਕੁਦਰਤੀ ਆਫਤਾਂ ਵਿਚ ਫਸੇ ਲੋਕਾਂ ਦੀ ਮਦਦ ਕਰਨ ਲਈ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਦੇ ਹਰ ਦੇਸ਼ ਵਿਚ ਮੰਡਰਾ ਰਿਹਾ ਹੈ ਅਤੇ ਹਾਲਾਤ ਇਹ ਬਣੇ ਹੋਏ ਹਨ ਕਿ ਸਹਾਇਤਾ ਕਰਨ ਵਾਲਾ ਵੀ ਇਸ ਦੀ ਲਪੇਟ ਵਿਚ ਆ ਸਕਦਾ ਹੈ ਪਰ ਗੁਰੂ ਆਸਰੇ ਨਾਲ ਯੂਨਾਈਟਿਡ ਸਿੱਖਜ਼ ਦੇ ਸੇਵਾਦਾਰ ਮਾਨਵਤਾ ਦੀ ਭਲਾਈ ਲਈ ਆਪਮੀ ਪੂਰੀ ਜਿੰਦ ਜਾਨ ਲਗਾ ਰਹੇ ਹਨ।
ਇਕ ਵੀਡੀਓ ਜਾਰੀ ਕਰਕੇ ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਹਰਦਿਆਲ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਲੰਗਰ ਤਿਆਰ ਕੀਤਾ ਗਿਆ ਹੈ ਅਤੇ ਇਸ ਲੰਗਰ ਦੀ ਸਮਰੱਥਾ 30,000 ਵਿਅਕਤੀਆਂ ਦੀ ਹੈ ਅਤੇ ਇਹ ਲੰਗਰ ਕੁਈਨਜ਼ ਵਿਲੇਜ ਗੁਰੂਘਰ ਵਿਖੇ ਤਿਆਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਮੈਡੀਕਲ ਸਟਾਫ, ਪੁਲਿਸ ਅਧਿਕਾਰੀ ਅਤੇ ਹੋਰ ਵਲੰਟੀਅਰਾਂ ਵਿਚ ਵੀ ਇਹ ਲੰਗਰ ਵਰਤਾਇਆ ਜਾਵੇਗਾ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਇਕ ਵਿਸ਼ਵ ਵਿਆਪੀ ਮਹਾਂਮਾਰੀ ਹੈ ਅਤੇ ਜਿੱਥੇ ਇਸ ਦੇ ਟਾਕਰੇ ਲਈ ਵਿਗਿਆਨਕ ਪੱਧਰ ‘ਤੇ ਹੱਲ ਕੀਤੇ ਜਾ ਰਹੇ ਹਨ ਉੱਥੇ ਸਾਨੂੰ ਸਭ ਨੂੰ ਮਿਲ ਕੇ ਸਰੱਬਤ ਦੇ ਭਲੇ ਲਈ ਅਰਦਾਸ ਵੀ ਕਰਨੀ ਚਾਹੀਦੀ ਹੈ।