ਮੋਦੀ ਸਰਕਾਰ ਵੱਲੋਂ ਦਵਿੰਦਰਪਾਲ ਭੁੱਲਰ ਸਮੇਤ 8 ਸਿੱਖ ਕੈਦੀਆਂ ਦੀ ਰਿਹਾਈ ਦੇ ਹੁਕਮ

0
992

ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ ਜੇਲ੍ਹਾਂ ‘ਚ ਸਜ਼ਾ ਕੱਟ ਰਹੇ ੮ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਹ ਸਿੱਖ ਕੈਦੀ ਜਿੱਥੇ ਗੰਭੀਰ ਮਾਮਲਿਆਂ ‘ਚ ਸਜ਼ਾ ਭੁਗਤ ਰਹੇ ਹਨ ਉੱਥੇ ਕਈ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਹਨ। ਕਈ ਪਹਿਲਾਂ ਹੀ ਪੈਰੋਲ ‘ਤੇ ਬਾਹਰ ਆ ਚੁੱਕੇ ਹਨ।
ਇਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ।
ਭੁੱਲਰ ਤੋਂ ਇਲਾਵਾ ਰਿਹਾਅ ਕੀਤੇ ਸਿੱਖ ਕੈਦੀਆਂ ‘ਚ ਗੁਰਦੀਪ ਸਿੰਘ ਖੇੜਾ, ਨੰਦ ਸਿੰਘ, ਹਰਜਿੰਦਰ ਸਿੰਘ, ਲਾਲ ਸਿੰਘ, ਵਰਿਆਮ ਸਿੰਘ, ਬਲਬੀਰ ਸਿੰਘ ਤੇ ਸੁਬੇਗ ਸਿੰਘ ਦੇ ਨਾਂਅ ਸ਼ਾਮਿਲ ਹਨ।
ਲਾਲ ਸਿੰਘ ਹਰ ੬ ਮਹੀਨਿਆਂ ਬਾਅਦ ੪੨ ਦਿਨ ਪੈਰੋਲ ‘ਤੇ ਬਾਹਰ ਰਹਿੰਦੇ ਹਨ ਅਤੇ ਬਲਬੀਰ ਸਿੰਘ ਹਾਲ ਹੀ ਵਿਚ ੨੮ ਦਿਨ ਦੀ ਪੈਰੋਲ ਕੱਟ ਕੇ ਵਾਪਸ ਗਏ ਹਨ।
ਉਹ ਮਾਤਾ ਦੇ ਦੇਹਾਂਤ ਦੇ ਚਲਦੇ ੪ ਹਫ਼ਤਿਆਂ ਲਈ ਪੈਰੋਲ ‘ਤੇ ਬਾਹਰ ਆਏ ਸਨ।
ਵਰਿਆਮ ਸਿੰਘ ਅਤੇ ਗੁਰਦੀਪ ਸਿੰਘ ਖੇੜਾ ਵੀ ਪੈਰੋਲ ‘ਤੇ ਬਾਹਰ ਆਏ ਹਨ। ਇਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ‘ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ ਉੱਥੇ ਇਨ੍ਹਾਂ ਬੰਦੀ ਸਿੰਘਾਂ ਦੇ ਪਿੰਡਾਂ ਤੇ ਪਰਿਵਾਰਕ ਮੈਂਬਰਾਂ ‘ਚ ਖ਼ੁਸ਼ੀ ਦਾ ਮਾਹੌਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਚੁੱਕਿਆ ਕਦਮ ਸ਼ਲਾਘਾਯੋਗ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਪੈਰਵੀ ਕਰਦਾ ਆਇਆ ਹੇ ਕਿ ਜੇਲ੍ਹਾਂ ‘ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਬੰਬ ਧਮਾਕੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ ਜਿਸ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਸਿੱਖ ਜਥੇਬੰਦੀਆਂ ਦੇ ਸੰਘਰਸ਼ ਤੇ ਜੱਦੋਜਹਿਦ ਮਗਰੋਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰ ਦਿੱਤਾ ਸੀ।
ਭੁੱਲਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਭਗਤਾ ਦੇ ਹਨ। ਉਨ੍ਹ੍ਹਾਂ ਨੂੰ ੧੧ ਸਤੰਬਰ ੧੯੯੩ ਨੂੰ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ‘ਤੇ ਬੰਬ ਧਮਾਕੇ ਦੇ ਹਮਲੇ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ।
ਸਾਲ ੨੦੦੧ ‘ਚ ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਅਤੇ ਉਹ ਹੁਣ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਭਾਵੇਂ ਇਹ ਫ਼ੈਸਲਾ ਸਹੀ ਹੈ ਪਰ ਅਜਿਹਾ ਕਰਕੇ ਕੇਂਦਰ ਨੇ ਬੰਦੀ ਸਿੰਘਾਂ ‘ਤੇ ਕੋਈ ਰਹਿਮ ਨਹੀਂ ਕੀਤਾ ਸਗੋਂ ਇਹ ਸਿੱਖ ਪਹਿਲਾਂ ਹੀ ਜੇਲ੍ਹਾਂ ‘ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।