ਪੰਜਾਬ ਸਰਕਾਰ ਦੇ ਮੰਚ ‘ਤੇ ਨਹੀਂ ਜਾਣਗੇ ਮੋਦੀ

0
1913

ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ੯ ਨਵੰਬਰ ਨੂੰ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਵਿਖੇ ਆਉਣਗੇ ਅਤੇ ਦੋਵਾਂ ਥਾਵਾਂ ‘ਤੇ ਸੰਗਤਾਂ ਨੂੰ ਸੰਬੋਧਨ ਕਰਨਗੇ ਪਰ ਪੰਜਾਬ ਸਰਕਾਰ ਦੀਆਂ ਸਟੇਜਾਂ ਤੋਂ ਨਹੀਂ।
ਪ੍ਰਧਾਨ ਮੰਤਰੀ ਡੇਰਾ ਬਾਬਾ ਨਾਨਕ ਵਿਖੇ ਯਾਤਰੀ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ, ਉਪਰੰਤ ਸੰਗਤਾਂ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਡੇਰਾ ਬਾਬਾ ਨਾਨਕ ਵਿਚ ਲਾਂਘੇ ਰਾਹੀਂ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਪਰਮਿਟ ਦੇਣ ਤੇ ਦਸਤਾਵੇਜ਼ ਚੈੱਕ ਕਰਨ ਲਈ ਤਿਆਰ ਕੀਤੀ ਗਈ ਪੀਟੀਬੀ ਪੈਸੰਜਰ ਟਰਮੀਨਲ ਬਿਲਡਿੰਗ ਦਾ ਉਦਘਾਟਨ ਕਰਨਗੇ। ਉਪਰੰਤ ਉਹ ਇਸ ਇਮਾਰਤ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਕੇਂਦਰ ਸਰਕਾਰ ਦੇ ਲੈਂਡ ਪੋਰਟ ਅਥਿਰਟੀ ਆਫ ਇੰਡੀਆ ਵਲੋਂ ਬਣਾਈ ਜਾ ਰਹੀ ਸਟੇਜ ਤੋਂ ਇਕੱਠ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ, ਪੰਜਾਬ ਸਰਕਾਰ ਵਲੋਂ ਕਾਫੀ ਖਰਚਾ ਕਰਕੇ ਤਿਆਰ ਕਰਵਾਈ ਸਟੇਜ, ਜਿਸ ਤੋਂ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਨਾ ਸੀ, ਹੁਣ ਬਦਲੀ ਹੋਈ ਸਥਿਤੀ ਵਿਚ ਕੇਵਲ ਸੂਬਾ ਸਰਕਾਰ ਦੀ ਰਹਿ ਗਈ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸੁਲਤਾਨਪੁਰ ਲੋਧੀ ਪਹੁੰਚ ਜਾਣਗੇ ਅਤੇ ਉਥੇ ੫੫੦ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮ ਨੂੰ ਸੰਬੋਧਨ ਕਰਨਗੇ। ਉਥੇ ਪ੍ਰਧਾਨ ਮੰਤਰੀ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣ ਲਈ ਵੀ ਜਾਣਗੇ। ਸੁਲਤਾਨਪੁਰ ਲੋਧੀ ਵਿਚ ਵੀ ਦੋ ਸਟੇਜਾਂ ਲੱਗੀਆਂ ਹਨ- ਇਕ ਸਟੇਜ ਪੰਜਾਬ ਸਰਕਾਰ ਦੀ ਹੈ ਅਤੇ ਦੂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ।
ਇੱਥੋਂ ਪ੍ਰਧਾਨ ਮੰਤਰੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਸਟੇਜ ਤੋਂ ਸੰਗਤ ਨੂੰ ਸੰਬੋਧਨ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਜ਼ਾਰਤੀ ਸਾਥੀਆਂ, ਵਿਧਾਇਕਾਂ ਅਤੇ ਉਘੀਆਂ ਸ਼ਖਸੀਅਤਾਂ ਸਮੇਤ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਦੀ ਅਗਵਾਈ
ਕਰਨਗੇ।