ਸੰਸਦ ਦੇ ਦੋਵੇਂ ਸਦਨਾਂ ਵਿੱਚ ਮਹਾਰਾਸ਼ਟਰ ਸੰਕਟ ਦੀ ਗੂੰਜ

0
1650

ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਮਹਾਰਾਸ਼ਟਰ ਵਿੱਚ ਜਾਰੀ ਸਿਆਸੀ ਸੰਕਟ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਪ੍ਰਦਰਸ਼ਨ ਕੀਤਾ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਸਿਆਸੀ ਸੰਕਟ ਨੂੰ ‘ਜਮਹੂਰੀਅਤ ਦਾ ਕਤਲ’ ਕਰਾਰ ਦਿੱਤਾ। ਲੋਕ ਸਭਾ ਵਿੱਚ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕਰ ਰਹੇ ਕਾਂਗਰਸੀ ਮੈਂਬਰਾਂ ਤੇ ਮਾਰਸ਼ਲਾਂ ਵਿਚਾਲੇ ਧੱਕਾਮੁੱਕੀ ਵੀ ਹੋਈ। ਕਾਂਗਰਸ ਨੇ ਮਾਰਸ਼ਲਾਂ ’ਤੇ ਦੋ ਮਹਿਲਾ ਸੰਸਦ ਮੈਂਬਰਾਂ ਜੋਤੀਮਣੀ ਤੇ ਰਾਮਿਆ ਹਰੀਦਾਸ ਨਾਲ ਕਥਿਤ ‘ਹੱਥੋਪਾਈ’ ਕਰਨ ਦਾ ਦੋਸ਼ ਵੀ ਲਾਇਆ। ਉਧਰ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸੰਸਦ ਮੈਂਬਰਾਂ ਦਾ ਅਜਿਹਾ ਵਤੀਰਾ ‘ਅਸਵੀਕਾਰਯੋਗ’ ਹੈ ਤੇ ਅਜਿਹੀ ਕਿਸੇ ਵੀ ਕਾਰਵਾਈ ਨੂੰ ‘ਸਹਿਣ’ ਨਹੀਂ ਕਰਨਗੇ। ਇਸ ਦੌਰਾਨ ਦੋਵਾਂ ਸਦਨਾਂ ਦੀ ਕਾਰਵਾਈ ਵਿੱਚ ਕਈ ਵਾਰ ਵਿਘਨ ਪਿਆ ਤੇ ਆਖਿਰ ਨੂੰ ਸਦਨ ਦਿਨ ਭਰ ਲਈ ਉਠਾ ਦਿੱਤੇ ਗਏ। ਇਸ ਦੌਰਾਨ ਸਪੀਕਰ ਨੇ ਅੱਜ ਦੇ ਰੌਲੇ-ਰੱਪੇ ਮਗਰੋਂ ਕੇਰਲ ਨਾਲ ਸਬੰਧਤ ਕਾਂਗਰਸ ਦੇ ਹਿਬੀ ਈਡਨ ਤੇ ਟੀ.ਪ੍ਰਤਾਪਨ ਨੂੰ ਮੁਅੱਤਲ ਕਰ ਦਿੱਤਾ। ਸੂਤਰਾਂ ਮੁਤਾਬਕ ਦੋਵਾਂ ਸੰਸਦ ਮੈਂਬਰਾਂ ਵੱਲੋਂ ਮੁਆਫ਼ੀ ਮੰਗਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਪੰਜ ਸਾਲ ਲਈ ਮੁਅੱਤਲ ਕਰਨ ਦੀ ਯੋਜਨਾ ਸਪੀਕਰ ਦੇ ਵਿਚਾਰ ਅਧੀਨ ਹੈ।
ਇਸ ਤੋਂ ਪਹਿਲਾਂ ਅੱਜ ਜਿਉਂ ਹੀ ਲੋਕ ਸਭਾ ਜੁੜੀ ਤਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਸ਼ਨ ਕਾਲ ਦੌਰਾਨ ‘ਮਹਾਰਾਸ਼ਟਰ ਵਿੱਚ ਜਮਹੂਰੀਅਤ ਦਾ ਕਤਲ ਕੀਤੇ ਜਾਣ’ ਦਾ ਹਵਾਲਾ ਦਿੰਦਿਆਂ ਸਵਾਲ ਪੁੱਛਣ ਤੋਂ ਨਾਂਹ ਕਰ ਦਿੱਤੀ। ਰਾਹੁਲ ਇੰਨਾ ਕਹਿ ਕੇ ਆਪਣੀ ਸੀਟ ’ਤੇ ਬੈਠੇ ਹੀ ਸੀ ਕਿ ਕਾਂਗਰਸੀ ਮੈਂਬਰ ਹੱਥਾਂ ਵਿੱਚ ਤਖ਼ਤੀਆਂ ਫੜੀ ਤੇ ਨਾਅਰੇਬਾਜ਼ੀ ਕਰਦੇ ਸਦਨ ਦੇ ਐਨ ਵਿਚਾਲੇ ਆ ਗਏ। ਤਖਤੀਆਂ ’ਤੇ ‘ਸੰਵਿਧਾਨ ਨੂੰ ਬਚਾਓ’ ਤੇ ‘ਜਮਹੂਰੀਅਤ ਨੂੰ ਬਚਾਓ’ ਦੇ ਨਾਅਰੇ ਲਿਖੇ ਹੋਏ ਸਨ। ਇਸ ਦੌਰਾਨ ਦੋ ਸੰਸਦ ਮੈਂਬਰਾਂ ਹਿਬੀ ਈਡਨ ਤੇ ਟੀ.ਐੱਨ.ਪ੍ਰਤਾਪਨ ਵੱਲੋਂ ਫੜੇ ਵੱਡੇ ਬੈਨਰ, ਜਿਸ ’ਤੇ ‘ਜਮਹੂਰੀਅਤ ਦਾ ਕਤਲ ਬੰਦ ਕਰੋ’ ਲਿਖਿਆ ਸੀ, ਨੂੰ ਵੇਖ ਕੇ ਸਪੀਕਰ ਓਮ ਬਿਰਲਾ ਰੋਹ ਵਿੱਚ ਆ ਗਏ। ਸਪੀਕਰ ਨੇ ਵੈੱਲ ਵਿੱਚ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਤੇ ਖਾਸ ਕਰਕੇ ਈਡਨ ਤੇ ਪ੍ਰਤਾਪਨ ਨੂੰ ਬੈਨਰ ਹਟਾਉਣ ਲਈ ਕਈ ਵਾਰ ਚਿਤਾਵਨੀ ਦਿੱਤੀ। ਅਖੀਰ ਉਨ੍ਹਾਂ ਸਦਨ ਵਿੱਚ ਮੌਜੂਦ ਮਾਰਸ਼ਲਾਂ ਨੂੰ ਈਡਨ ਤੇ ਪ੍ਰਤਾਪਨ ਨੂੰ ਉਥੋਂ ਬਾਹਰ ਕੱਢਣ ਲਈ ਆਖ ਦਿੱਤਾ। ਇੰਨਾ ਕਹਿਣ ਦੀ ਦੇਰ ਸੀ ਕਿ ਹੋਰ ਕਾਂਗਰਸੀ ਮੈਂਬਰ ਉਨ੍ਹਾਂ ਦੇ ਬਚਾਅ ਲਈ ਆ ਗਏ। ਇਸ ਦੌਰਾਨ ਮਾਰਸ਼ਲਾਂ ਤੇ ਕਾਂਗਰਸੀ ਮੈਂਬਰ ਇਕ ਦੂਜੇ ਨਾਲ ਧੱਕਾਮੁੱਕੀ ਵੀ ਹੋਏ। ਰੌਲਾ-ਰੱਪਾ ਵਧਦਾ ਵੇਖ ਸਪੀਕਰ ਨੇ ਸਦਨ ਨੂੰ 12 ਵਜੇ ਤਕ ਲਈ ਉਠਾ ਦਿੱਤਾ। ਸਦਨ ਮਗਰੋਂ 12 ਵਜੇ ਤੇ 2 ਵਜੇ ਮੁੜ ਜੁੜਿਆ, ਪਰ ਕਾਂਗਰਸੀ ਮੈਂਬਰਾਂ ਨੇ ਸਦਨ ਵਿਚਾਲੇ ਜਾ ਕੇ ਨਾਅਰੇਬਾਜ਼ੀ ਜਾਰੀ ਰੱਖੀ। ਉਂਜ ਸਰਕਾਰ ਨੇ ਪੈਂਦੇ ਰੌਲੇ ਰੱਪੇ ਵਿੱਚ ਹੀ ਐੇੱਸੀਪੀਜੀ ਐਕਟ ਵਿੱਚ ਸੋਧ ਸਮੇਤ ਚਾਰ ਬਿੱਲ ਪੇਸ਼ ਕੀਤੇ।