ਬਿਨਾਂ ਪਾਸਪੋਰਟ ਵਾਲਿਆਂ ਨੂੰ ਦੂਰਬੀਨ ਰਾਹੀਂ ਹੀ ਕਰਨੇ ਪੈਣਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦੀਦਾਰੇ

0
1448

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੪੯ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਲਈ ਦਿੱਤੀ ਪ੍ਰਵਾਨਗੀ ਦਾ ਲਾਭ ਸਿਰਫ਼ ਉਹ ਹੀ ਲੋਕ ਲੈ ਸਕਣਗੇ ਜਿਨ੍ਹਾਂ ਦੇ ਕੋਲ ਪਾਸਪੋਰਟ ਹਨ, ਜਦ ਕਿ ਬਾਕੀ ਸੰਗਤ ਨੂੰ ਭਵਿੱਖ ‘ਚ ਵੀ ਪੱਬਾਂ ਭਾਰ ਖੜ੍ਹੇ ਹੋ ਕੇ ਡੇਰਾ ਬਾਬਾ ਨਾਨਕ ਸੈਕਟਰ ਦੀ ਸਰਹੱਦੀ ਚਾਕੀ ‘ਤੇ ਬਣਾਏ ‘ਦਰਸ਼ਨ ਸਥਲ’ ਦੇ ਮੁਕਾਮ ਤੋਂ ਹੀ ਦੂਰਬੀਨਾਂ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਹੋਣਗੇ। ਭਾਵੇਂ ਕਿ ਬੀਤੇ ਦਿਨ ਕੇਂਦਰ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਅੰਤਰਰਾਸ਼ਟਰੀ ਸਰਹੱਦ ਤੱਕ ਕਰਤਾਰਪੁਰ ਲਾਂਘਾ ਬਣਾਉਣ ਦਾ ਐਲਾਨ ਕਰਕੇ ਇੱਕੋ ਹਲੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀ ਵਾਹੋ-ਵਾਹੀ ਖੱਟ ਲਈ, ਪਰ ਉਹ ਸੰਗਤ ਜਿਨ੍ਹਾਂ ਦੇ ਪਾਸਪੋਰਟ ਨਹੀਂ ਹਨ, ਕੇਂਦਰ ਸਰਕਾਰ ਦੇ ਉਕਤ ਐਲਾਨ ਦੇ ਬਾਅਦ ਤੋਂ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਕਿਉਂਕਿ ਵੱਡੀ ਗਿਣਤੀ ‘ਚ ਗੁਰੂ ਨਾਨਕ ਨਾਮ ਲੇਵਾ ਸੰਗਤ ਸੰਨ ੧੯੪੭ ਦੇ ਬਾਅਦ ਤੋਂ ਦੋਵੇਂ ਪਾਸੇ ਦੀਆਂ ਸਰਕਾਰਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਿਨਾਂ ਪਾਸਪੋਰਟ-ਵੀਜ਼ਾ ਦੇ ਇਕ ਸਾਂਝਾ ਲਾਂਘਾ ਬਣਾਏ ਜਾਣ ਦੀ ਮੰਗ ਕਰਦੀਆਂ ਆ ਰਹੀਆਂ ਸਨ।