ਪਾਕਿ ਵਿਚਲੀਆਂ ਸਿੱਖ ਯਾਦਗਾਰਾਂ ਲਈ ਸਾਲ 2019 ਵਧੀਆ ਰਿਹਾ

0
1120

ਅੰਮ੍ਰਿਤਸਰ: ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ-ਗਿਣਤੀ ਸਿੱਖ ਭਾਈਚਾਰੇ ਲਈ ਸਾਲ ੨੦੧੯ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਦੇ ਬਾਵਜੂਦ ਬਿਹਤਰੀ ਵਾਲਾ ਸਾਲ ਰਿਹਾ। ਭਾਰਤ-ਪਾਕਿ ਸਰਕਾਰਾਂ ਵਲੋਂ ਸਾਂਝੇ ਤੌਰ ‘ਤੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਅਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖੇ ਜਾਣ ਨੂੰ ੨੦੧੯ ਦੀ ਇਕ ਵੱਡੀ ਉਪਲੱਬਧੀ ਮੰਨਿਆ ਜਾ ਸਕਦਾ ਹੈ। ਲਹਿੰਦੇ ਪੰਜਾਬ ਦੀ ਅਸੈਂਬਲੀ ‘ਚ ਆਨੰਦ ਕਾਰਜ ਐਕਟ ਬਿੱਲ ਪੇਸ਼ ਕੀਤੇ ਜਾਣ ਨੂੰ ਲੈ ਕੇ ਪਾਕਿਸਤਾਨ ‘ਚ ਐਕਟ ਲਾਗੂ ਹੋਣ ਬਾਰੇ ਕੀਤੇ ਦਾਅਵੇ ਸਿਰਫ਼ ਇਕ ਛਲਾਵਾ ਸਾਬਿਤ ਹੋਏ ਹਨ। ਸਾਲ ਦੇ ਪਹਿਲੇ ੬ ਮਹੀਨਿਆਂ ਦੌਰਾਨ ਭਾਰਤ-ਪਾਕਿ ਵਲੋਂ ਬਿਆਨਬਾਜ਼ੀ ਕਰਤਾਰਪੁਰ ਲਾਂਘੇ ਨੂੰ ਆਧਾਰ ਬਣਾ ਕੇ ਕੀਤੀ ਜਾਂਦੀ ਰਹੀ, ਜਿਸ ‘ਚ ਕੁਝ ਧਿਰਾਂ ਵਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਕੁਝ ਵਲੋਂ ਰੋੜੇ ਅਟਕਾਉਣ ਦੀਆਂ ਕਾਰਵਾਈਆਂ ਲਾਂਘੇ ਦੇ ਖੁੱਲਣ ਤੱਕ ਜਾਰੀ ਰਹੀਆਂ। ੨੮ ਅਗਸਤ ਨੂੰ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਾਏ ਜਾਣ ਦਾ ਮਾਮਲਾ ਸਿੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣਿਆ ਰਿਹਾ। ੨੮ ਅਕਤੂਬਰ ਨੂੰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਇਥੇ ਵਕਫ਼ ਬੋਰਡ ਦੀ ੧੦੭ ਏਕੜ ਜ਼ਮੀਨ ‘ਤੇ ਲਗਪਗ ੬੦੦ ਕਰੋੜ ਦੀ ਲਾਗਤ ਨਾਲ ਉਕਤ ਯੂਨੀਵਰਸਿਟੀ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਵਰ੍ਹੇ ਦੌਰਾਨ ੯ ਨਵੰਬਰ ਨੂੰ ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਵਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ।
੧੨ ਨਵੰਬਰ ਨੂੰ ਪਾਕਿਸਤਾਨ ‘ਚ ਮਨਾਏ ਗਏ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ੫੫੦ ਰੁਪਏ ਦਾ ਯਾਦਗਾਰੀ ਸਿੱਕਾ ਅਤੇ ੨੦ ਰੁਪਏ ਦੀ ਕੀਮਤ ਵਾਲਾ ਡਾਕ ਟਿਕਟ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਜਾਰੀ ਕੀਤਾ। ਇਸ ਵਰ੍ਹੇ ਦੌਰਾਨ ਜਿਥੇ ਪਾਕਿ ਸਰਕਾਰ ਨੇ ਜਿਹਲਮ ਸ਼ਹਿਰ ਵਿਚਲੇ ਗੁਰਦੁਆਰਾ ਚੋਆ ਸਾਹਿਬ ਅਤੇ ਗੁੱਜਰਾਂਵਾਲਾ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਨੂੰ ਪਾਕਿ ਸਿੱਖ ਸੰਗਤ ਲਈ ਖੋਲ੍ਹ ਕੇ ਉਨ੍ਹਾਂ ਨੂੰ ਵੱਡਾ ਤੋਹਫ਼ਾ ਦਿੱਤਾ, ਉਥੇ ਹੀ ਵਰ੍ਹੇ ਦੇ ਆਖ਼ਰੀ ਦਿਨਾਂ ‘ਚ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਵਲੋਂ ਦੂਜੀ ਵਾਰ ਐਮ. ਪੀ. ਏ. ਨਿਯੁਕਤ ਕਰਕੇ ਪਾਕਿ ਸਿੱਖਾਂ ਦੀ ਚੰਗੀ ਵਾਹੋ-ਵਾਹੀ ਖੱਟੀ।