ਮੈਕਾਲਮ ਨੇ ਸਰੀ ‘ਚ ‘ਕਾਮਾਗਾਟਾਮਾਰੂ ਵੇਅ’ ਰੋਡ ਦਾ ਉਦਘਾਟਨ ਕੀਤਾ

0
1180

ਸਰੀ: ਇਥੇ ਕਾਮਾਗਾਟਾ ਮਾਰੂ ਯਾਦਗਾਰੀ ਸੜਕ ਦਾ ਰਸਮੀ ਉਦਘਾਟਨ ਬੁੱਧਵਾਰ ਨੂੰ ਮੇਅਰ ਡਗ ਮੈਕਾਲਮ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਸਿਟੀ ਕੌਂਸਲ ਨੇ ਜੁਲਾਈ ਦੇ ਸ਼ੁਰੂ ਵਿਚ ਸ਼ਹਿਰ ਦੀ ਸੜਕ ਦਾ ਨਾਂ ‘ਕਾਮਾਗਾਟਾਮਾਰੂ ਵੇਅ’ ਰੱਖਣ ਬਾਰੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਸਰੀ ਦੀ ੧੨੦ਵੀਂ ਸਟ੍ਰੀਟ ਅਤੇ ੧੨੧ਏ ਸਟ੍ਰੀਟ ਦਰਮਿਆਨ ਸਥਿਤ ੭੫ਏ ਐਵੇਨਿਊ ਦੀ ਸੜਕ ਨੂੰ ‘ਕਾਮਾਗਾਟਾਮਾਰੂ ਵੇਅ’ ਦਾ ਨਾਂ ਦਿਤਾ ਗਿਆ ਹੈ। ਇਸ ਤੋਂ ਇਲਾਵਾ ਸਰੀ ਦੇ ਆਰ.ਏ. ਨਿਕਲਸਨ ਪਾਰਕ ਵਿਚ ਇਕ ਵੱਡਾ ਤਖ਼ਤਾ ਲਾਉਣ ਦੀ ਪ੍ਰਵਾਨਗੀ ਵੀ ਸਿਟੀ ਕੌਂਸਲ ਵੱਲੋਂ ਦਿਤੀ ਗਈ ਹੈ, ਜਿਸ ਉਪਰ ਕਾਮਾਗਾਟਾਮਾਰੂ ਕਾਂਡ ਦਾ ਇਤਿਹਾਸ ਲਿਖਿਆ ਜਾਵੇਗਾ। ਮੇਅਰ ਡਗ ਮੈਕਾਲਮ ਨੇ ਕਿਹਾ ਕਿ ਕਾਮਾਗਾਟਾਮਾਰੂ ਵੇਅ ਇਸ ਗੱਲ ਦਾ ਸਬੂਤ ਹੈ ਕਿ ਸਰੀ ਦੇ ਵਸਨੀਕ ਅਤੀਤ ਵਿਚ ਪੰਜਾਬੀਆਂ ਨਾਲ ਹੋਏ ਅਨ੍ਹਿਆਂ ਨੂੰ ਕਦੇ ਨਹੀਂ ਭੁੱਲਣਗੇ। ਉਹਨਾਂ ਕਿਹਾ ਕਿ ਸਿਟੀ ਕੌਂਸਲ ਨੇ ਤਿੰਨ ਹਫ਼ਤੇ ਪਹਿਲਾਂ ਮਤੇ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਤੁਰੰਤ ਕਾਰਵਾਈ ਕਰਦਿਆਂ ਕਾਮਾਗਾਟਾ ਮਾਰੂ ਕਾਂਡ ਦੇ ਪੀੜਤਾਂ ਨੂੰ ਸਮਰਪਿਤ ਯਾਦਗਾਰੀ ਸੜਕ ਹੋਂਦ ਵਿਚ ਆ ਗਈ ਹੈ। ਮੇਅਰ ਨੇ ਸਰੀ ਨੂੰ ਅਜਿਹਾ ਸ਼ਹਿਰ ਕਰਾਰ ਦਿਤਾ, ਜਿੱਥੇ ਦੁਨੀਆ ਭਰ ਤੋਂ ਆਏ ਪ੍ਰਵਾਸੀਆਂ ਦਾ ਖੁੱਲੀਆਂ ਬਾਹਾਂ ਨਾਲ ਭਰਵਾਂ ਸਵਾਗਤ ਕੀਤਾ ਜਾਂਦਾ
ਹੈ।