ਵੱਲੋਂ ਜੌਨ ਹੋਰਗਨ
ਬੀ ਸੀ ਪ੍ਰੀਮੀਅਰ
ਜਦੋਂ ਮੈਂ ਇਹ ਸੋਚਦਾ ਹਾਂ ਕਿ ਬੀ ਸੀ ਵਿੱਚ ਪ੍ਰਵਾਰਾਂ ਲਈ ਬਾਲ ਸੰਭਾਲ ਦਾ ਕੀ ਅਰਥ ਹੈ, ਤਾਂ ਮੇਰਾ ਧਿਆਨ ਪੂਰੇ ਸੂਬੇ ਵਿੱਚ ਹਰ ਇੱਕ ਘਰ ਦੀ ਬਾਲ ਸੰਭਾਲ ਦੀ ਕਹਾਣੀ ਬਿਆਨ ਕਰਦੇ ਫ਼ਰਿੱਜਾਂ ‘ਤੇ ਲੱਗੇ ਕੈਲੰਡਰਾਂ ਦੇ ਉਨ੍ਹਾਂ ਸਾਰੇ ਛੋਟੇ ਛੋਟੇ ਟੁਕੜਿਆਂ ਵੱਲ ਚਲਾ ਜਾਂਦਾ ਹੈ। ਸੱਸ, ਅੰਕਲ, ਨਜ਼ਦੀਕੀ ਮਿੱਤਰ, ਸਾਰੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ, ਅਤੇ ਪਿਤਾ ਨੂੰ ਅਗਲੇ ਹਫ਼ਤੇ ਕੰੰਮ ‘ਤੇ ਜਲਦੀ ਜਾਣਾ ਪੈਣਾ ਹੈ। ਇਹ ਨਾਂਵਾਂ, ਤਰੀਕਾਂ ਅਤੇ ਸਮਿਆਂ ਦੀ ਇੱਕ ਬੁਝਾਰਤ ਹੁੰਦੀ ਹੈ ਜਿਸ ਦਾ ਮਤਲਬ ਸਿਰਫ਼ ਪ੍ਰਵਾਰ ਸਮਝ ਸਕਦਾ ਹੈ।
ਬਹੁਤ ਲੰਮੇ ਸਮੇਂ ਤੋਂ, ਬਾਲ ਸੰਭਾਲ ਖ਼੍ਰੀਦ-ਸਮਰੱਥਾ ਅਤੇ ਪਹੁੰਚ ਤੋਂ ਏਨੀ ਬਾਹਰ ਰਹੀ ਹੈ ਕਿ ਪ੍ਰਵਾਰਾਂ ਨੂੰ ਆਪਣੇ ਸਮਾਜਕ ਦਾਇਰਿਆਂ ਦੇ ਅੰਦਰ ਹੀ ਸੰਭਾਲ ਦਾ ਤਾਲ ਮੇਲ ਬਿਠਾਉਣ ਲਈ ਮਜਬੂਰ ਹੋਣਾ ਪਿਆ ਹੈ। ਰਿਹਾਇਸ਼, ਆਵਾਜਾਈ ਅਤੇ ਹੋਰ ਮਹੀਨੇਵਾਰ ਖ਼ਰਚਿਆਂ ਦੇ ਵਧਦੇ ਜਾਣ ਨਾਲ, ਅਤੇ ਬਾਲ ਸੰਭਾਲ ਦੀਆਂ ਥਾਂਵਾਂ ਦੀਆਂ ਲੰਮੇਰੀਆਂ ਤੋਂ ਲੰਮੇਰੀਆਂ ਹੁੰਦੀਆਂ ਜਾਂਦੀਆਂ ਉਡੀਕ-ਸੂਚੀਆਂ ਕਾਰਣ, ਪ੍ਰਵਾਰ ਆਪਣੇ ਬੱਚਿਆਂ ਨੂੰ ਉਨ੍ਹਾਂ ਨੂੰ ਲੋੜੀਂਦੀ ਸੰਭਾਲ ਦੇਣ ਲਈ ਕੁਰਬਾਨੀਆਂ ਕਰਦੇ ਆ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਵਿੱਚ ਹਰੇਕ ਮਾਪਾ ਅਤੇ ਸੰਭਾਲ ਪ੍ਰਦਾਨਕਰਤਾ ਆਪਣੇ ਬੱਚੇ ਨੂੰ ਸਭ ਤੋਂ ਵਧੀਆ ਸ਼ੁਰੂਆਤ ਦੇਣੀ ਚਾਹੁੰਦਾ ਹੈ। ਉਹ ਪ੍ਰਵਾਰ ਜਿਨ੍ਹਾਂ ਨੂੰ ਖ਼੍ਰੀਦ-ਪਹੁੰਚ ਯੋਗ, ਗੁਣਵੱਤਾ-ਭਰਪੂਰ ਬਾਲ ਸੰਭਾਲ ਉਪਲਬਧ ਹੈ, ਅਕਸਰ ਆਪਣੇ ਪੇਸ਼ੇ ਵਿੱਚ ਤਰੱਕੀ ਕਰਨ ਸਕਦੇ ਹਨ, ਆਪਣੇ ਬੱਚਿਆਂ ਨਾਲ ਵਧੇਰੇ ਗੁਣਵੱਤਾ-ਭਰਪੂਰ ਸਮਾਂ ਬਿਤਾ ਸਕਦੇ ਹਨ ਅਤੇ ਆਪਣੀ ਆਰਥਕ ਸਥਿਤੀ ਨੂੰ ਤਰੱਕੀ ਵੱਲ ਤੋਰ ਸਕਦੇ ਹਨ। ਕਿਹੋ ਜਿਹੇ ਵੀ ਹਾਲਾਤ ਕਿਉਂ ਨਾ ਹੋਣ, ਹਰ ਇੱਕ ਮਾਪੇ ਨੂੰ ਇਹ ਦੇਖ ਕੇ ਕਿ ਉਸ ਦੇ ਬੱਚੇ ਨੂੰ ਸੁਰੱਖਿਅਤ, ਗੁਣਵੱਤਾ-ਭਰਪੂਰ ਅਤੇ ਖ਼੍ਰੀਦ-ਪਹੁੰਚ ਯੋਗ ਸੰਭਾਲ ਮਿਲ ਰਹੀ ਹੈ, ਮਾਨਸਕ ਸਕੂਨ ਹਾਸਲ ਕਰਨ ਦਾ ਅਧਿਕਾਰ ਹੈ।
ਸਾਡੀ ਸਰਕਾਰ ਬੀ ਸੀ ਵਿੱਚ ਯੂਨੀਵਰਸਲ ਬਾਲ ਸੰਭਾਲ ਨੂੰ ਇੱਕ ਸੱਚਾਈ ਬਣਾਉਣ ਲਈ ਵਚਨਬੱਧ ਹੈ। ਅਸੀਂ ਬੀ ਸੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮਹੱਤਵਪੂਰਣ ਨਿਵੇਸ਼ ਕਰ ਰਹੇ ਹਾਂ-ਹਰ ਮਹੀਨੇ ਅੱਗੇ ਤੁਰਨ ਵਿੱਚ ਪ੍ਰਵਾਰਾਂ ਦੀ ਮਦਦ ਕਰਨ ਲਈ-ਤਿੰਨ ਸਾਲਾਂ ਦੌਰਾਨ ੧.੩ ਬਿਲੀਅਨ ਡਾਲਰ।
੪ ਜੁਲਾਈ ਨੂੰ, ਸਿਟੀ ਔਫ਼ ਵੈਨਕੂਵਰ ਦੀ ਭਾਈਵਾਲੀ ਨਾਲ, ਅਸੀਂ ਐਲਾਨ ਕੀਤਾ ਕਿ ਪੂਰੇ ਸ਼ਹਿਰ ਵਿੱਚ ਲਗ ਭਗ ੨,੩੦੦ ਨਵੀਆਂ ਬਾਲ ਸੰਭਾਲ ਥਾਂਵਾਂ ਜਨਤਕ ਥਾਂਵਾਂ ‘ਤੇ ਉਪਲਬਧ ਹੋ ਰਹੀਆਂ ਹਨ। ਇਸ ਯੋਜਨਾ ਨਾਲ ਸਕੂਲਾਂ, ਲਾਇਬ੍ਰੇਰੀਆਂ ਅਤੇ ਭਾਈਚਾਰਕ ਕੇਂਦਰਾਂ ਵਿੱਚ ਲਾਈਸੈਂਸਸ਼ੁਦਾ ਬਾਲ ਸੰਭਾਲ ਥਾਂਵਾਂ ਦਾ ਵਾਧਾ ਹੋਵੇਗਾ।
ਜਨਤਕ ਖੇਤਰ ਦੀਆਂ ਸੰਸਥਾਵਾਂ ਅਤੇ ਸਥਾਨਕ ਸਰਕਾਰਾਂ ਨਾਲ ਭਾਈਵਾਲੀ ਕਰ ਕੇ, ਅਸੀਂ ਤੇਜ਼ੀ ਨਾਲ ਉੱਥੇ ਬਾਲ ਸੰਭਾਲ ਥਾਂਵਾਂ ਦੇ ਸਕਾਂਗੇ ਜਿੱਥੇ ਉਨ੍ਹਾਂ ਦੀ ਲੋੜ ਹੈ। ਇਸ ਨਾਲ ਮਾਪਿਆਂ ਦੀ ਇੱਕੋ ਆਸਾਨ ਥਾਂ ‘ਤੇ ਅਨੇਕ ਸੇਵਾਵਾਂ ਤੱਕ ਪਹੁੰਚ ਹੋ ਸਕੇਗੀ, ਭਾਈਚਾਰਿਆਂ ਨੂੰ ਮਜ਼ਬੂਤੀ ਮਿਲੇਗੀ ਅਤੇ ਬੱਚਿਆਂ ਦੀਆਂ ਪੀੜ੍ਹੀਆਂ ਨੂੰ ਡੇਅ ਕੇਅਰ ਤੋਂ ਸਕੂਲ ਤੱਕ ਪਹੁੰਚਣ ਵਿੱਚ ਆਸਾਨੀ ਪ੍ਰਦਾਨ ਹੋਵੇਗੀ।
ਬਾਲ ਸੰਭਾਲ ਥਾਂਵਾਂ ਉਤਪੰਨ ਕਰਨ ਪ੍ਰਤੀ ਪਹੁੰਚ ਵਿੱਚ ਸਿਟੀ ਔਫ਼ ਵੈਨਕੂਵਰ ਦੀ ਸੋਚ ਅਗਾਂਹ-ਵਧੂ ਰਹੀ ਹੈ। ਮੈਂ ਹੋਰ ਸਥਾਨਕ ਸਰਕਾਰਾਂ ਨਾਲ ਭਾਈਵਾਲੀ ਕਰ ਕੇ ਪ੍ਰਵਾਰਾਂ ਤੱਕ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਬਾਲ ਸੰਭਾਲ ਥਾਂਵਾਂ ਲਿਆਉਣ ਲਈ ਕੰੰਮ ਕਰਨ ਦਾ ਇਛੁੱਕ ਹਾਂ।
ਇਹ ਸਾਰੀਆਂ ਨਵੀਆਂ ਥਾਂਵਾਂ, ਸਾਰੇ ਬੀ ਸੀ ਵਿੱਚ ੨੨,੦੦੦ ਨਵੀਆਂ ਲਾਈਸੈਂਸਸ਼ੁਦਾ ਬਾਲ ਸੰਭਾਲ ਥਾਂਵਾਂ ਉਤਪੰਨ ਕਰਨ ਵਿੱਚ ਸਹਿਯੋਗ ਕਰਨ ਦੀ ਸਾਡੀ ਸਰਕਾਰ ਦੀ ਤਿੰਨ-ਸਾਲਾ ਵਚਨਬੱਧਤਾ ਦਾ ਹਿੱਸਾ ਹਨ। ਹਰ ਮਹੀਨੇ, ਹੋਰ ਨਵੀਆਂ ਥਾਂਵਾਂ ਦਾ ਐਲਾਨ ਕਰਨ ਦੇ ਨਾਲ ਅਸੀਂ ਪੂਰੇ ਸੂਬੇ ਵਿੱਚ ਪਹਿਲਾਂ ਹੀ ੮,੦੦੦ ਤੋਂ ਵੱਧ ਨਵੀਆਂ ਲਾਈਸੈਂਸਸ਼ੁਦਾ ਬਾਲ ਸੰਭਾਲ ਥਾਂਵਾਂ ਲਈ ਮਾਲੀ ਮਦਦ ਦੇ ਚੁੱਕੇ ਹਾਂ।
ਬਾਲ ਸੰਭਾਲ ਪ੍ਰਦਾਨਕਰਤਾ ਸਾਡੇ ਬਾਲ ਸੰਭਾਲ ਬੀ ਸੀ ਨਵੀਆਂ ਥਾਂਵਾਂ ਫ਼ੰਡ (ਚਾਈਲਡ ਕੇਅਰ ਬੀ ਸੀ ਨਿਊ ਸਪੇਸਿਜ਼ ਫ਼ੰਡ) ਰਾਹੀਂ, ਸਾਲ ਦੇ ਦੌਰਾਨ ਕਿਸੇ ਵੀ ਸਮੇਂ, ਨਵੀਆਂ ਬਾਲ ਸੰਭਾਲ ਥਾਂਵਾਂ ਬਣਾਉਣ ਲਈ ਮਾਲੀ ਮਦਦ ਲਈ ਅਰਜ਼ੀ ਦੇ ਸਕਦੇ ਹਨ। ਗ਼ੈਰ- ਲਾਈਸੈਂਸਸ਼ੁਦਾ ਪ੍ਰਦਾਨਕਰਤਾਵਾਂ ਦੀ ਲਾਈਸੈਂਸਸ਼ੁਦਾ ਹੋਣ ਲਈ ਖ਼ਰਚੇ ਵਿੱਚ ਅਤੇ ਹੋਰ ਜ਼ਿਆਦਾ ਬੱਚਿਆਂ ਦੀ ਸੰਭਾਲ ਕਰਨ ਵਿੱਚ ਮਦਦ ਕਰਨ ਲਈ ਸ਼ੁਰੂਆਤੀ ਅਨੁਦਾਨ (ਸਟਾਰਟ-ਅਪ ਗ੍ਰਾਂਟਸ) ਵੀ ਮੌਜੂਦ ਹਨ।
ਜਿੱਥੇ ਅਸੀਂ ਸੂਬੇ ਦੇ ਸਾਰੇ ਕੋਨਿਆਂ ਵਿੱਚ ਨਵੀਆਂ ਥਾਂਵਾਂ ਬਣਾ ਰਹੇ ਹਾਂ, ਉੱਥੇ ਅਸੀਂ ਬਾਲ ਸੰਭਾਲ ਨੂੰ ਹੋਰ ਜ਼ਿਆਦਾ ਖ਼੍ਰੀਦ-ਪਹੁੰਚ ਯੋਗ ਬਣਾਉਣ ਲਈ ਵੀ ਕੰਮ ਕਰ ਰਹੇ ਹਾਂ। ਯੋਗ ਬਾਲ ਸੰਭਾਲ ਥਾਂਵਾਂ ਲਈ ਸਾਡੇ ਬਾਲ ਸੰਭਾਲ ਫ਼ੀਸ ਕਟੌਤੀ (ਚਾਈਲਡ ਕੇਅਰ ਫ਼ੀ ਰਿਡਕਸ਼ਨ) ਨਾਲ ਪ੍ਰਵਾਰ ਪ੍ਰਤੀ ਬੱਚਾ, ਪ੍ਰਤੀ ਮਹੀਨਾ ੩੫੦ ਡਾਲਰ ਤੱਕ ਦੀ ਬੱਚਤ ਕਰ ਰਹੇ ਹਨ। ਜੁਲਾਈ ੨੦੧੯ ਤੋਂ, ੫੪,੦੦੦ ਤੋਂ ਵੱਧ ਥਾਂਵਾਂ ਘੱਟ ਫ਼ੀਸ ਲਈ ਯੋਗ ਹੋ ਗਈਆਂ ਹਨ।
ਸਾਡੇ ਖ਼੍ਰੀਦ-ਪਹੁੰਚ ਯੋਗ ਬਾਲ ਸੰਭਾਲ ਲਾਭ (ਅਫ਼ੋਰਡੇਬਲ ਚਾਈਲਡ ਕੇਅਰ ਬੈਨੀਫ਼ਿਟ) ਨਾਲ ਪਹਿਲਾਂ ਹੀ ਮਾਪੇ ੧,੨੫੦ ਡਾਲਰ ਪ੍ਰਤੀ ਮਹੀਨਾ ਜਾਂ ੧੫,੦੦੦ ਡਾਲਰ ਪ੍ਰਤੀ ਸਾਲ, ਪ੍ਰਤੀ ਬੱਚਾ ਬੱਚਤ ਕਰ ਰਹੇ ਹਨ। ਇਸ ਲਾਭ ਅਧੀਨ, ੮੦,੦੦੦ ਤੋਂ ਵੱਧ ਪ੍ਰਵਾਰ ਆਪਣੇ ਮਹੀਨੇਵਾਰ ਬਾਲ ਸੰਭਾਲ ਖ਼ਰਚਿਆਂ ਪ੍ਰਤੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹਨ।
ਬਾਲ ਸੰਭਾਲ ਫ਼ੀਸ ਕਟੌਤੀ (ਚਾਈਲਡ ਕੇਅਰ ਫ਼ੀ ਰਿਡਕਸ਼ਨ) ਅਤੇ ਖ਼੍ਰੀਦ-ਪਹੁੰਚ ਯੋਗ ਬਾਲ ਸੰਭਾਲ ਲਾਭ (ਅਫ਼ੋਰਡੇਬਲ ਚਾਈਲਡ ਕੇਅਰ ਬੈਨੀਫ਼ਿਟ) ਦੇ ਦਰਮਿਆਨ, ਬੀ ਸੀ ਵਿੱਚ ਲਗ ਭਗ ੧੮,੦੦੦ ਬੱਚਿਆਂ ਨੇ ੧੦ ਡਾਲਰ ਜਾਂ ਉਸ ਤੋਂ ਘੱਟ ਰੋਜ਼ਾਨਾ ਖ਼ਰਚੇ ‘ਤੇ ਬਾਲ ਸੰਭਾਲ ਦੀ ਵਰਤੋਂ ਕੀਤੀ। ਇਸ ਵਿੱਚ ਘੱਟ-ਆਮਦਨੀ ਪ੍ਰਵਾਰਾਂ ਦੇ ੭,੫੦੦ ਬੱਚੇ ਸ਼ਾਮਲ ਹਨ, ਜਿਨ੍ਹਾਂ ਦੇ ਪ੍ਰਵਾਰਾਂ ਨੂੰ ਬਾਲ ਸੰਭਾਲ ਲਈ ਕੁਝ ਵੀ ਦੇਣਾ ਨਹੀਂ ਪੈ ਰਿਹਾ।
ਇਸ ਵਿੱਚ ੨,੯੦੦ ਦੇ ਲਗ ਭਗ ਉਹ ਬੱਚੇ ਸ਼ਾਮਲ ਨਹੀਂ ਜਿਹੜੇ ਸਾਡੇ ੫੩ ਯੂਨੀਵਰਸਲ ਬਾਲ ਸੰਭਾਲ ਆਦਰਸ਼ (ਪ੍ਰੋਟੋਟਾਈਪ) ਸਥਾਨਾਂ ਵਿੱਚੋਂ ਕਿਸੇ ਇੱਕ ‘ਤੇ ਜਾ ਰਹੇ ਹਨ, ਜਿੱਥੇ ਪ੍ਰਵਾਰ ਪ੍ਰਤੀ ਮਹੀਨਾ, ਪ੍ਰਤੀ ਬੱਚਾ, ਵੱਧ ਤੋਂ ਵੱਧ ੨੦੦ ਡਾਲਰ ਪ੍ਰਤੀ ਮਹੀਨਾ ਅਦਾ ਕਰ ਰਹੇ ਹਨ।
ਗੁਣਵੱਤਾ-ਭਰਪੂਰ, ਖ਼੍ਰੀਦ-ਪਹੁੰਚ ਯੋਗ ਬਾਲ ਸੰਭਾਲ ਨੂੰ ਸਾਡੀ ਸਰਕਾਰ ਇੱਕ ਸਮਾਜਕ ਨੀਤੀ ਅਤੇ ਇੱਕ ਆਰਥਕ ਨੀਤੀ ਦੇ ਲਿਹਾਜ਼ ਨਾਲ ਦੇਖਦੀ ਹੈ। ਇਹ ਬੱਚਿਆਂ ਨੂੰ ਇੱਕ ਸੁਰੱਖਿਅਤ ਅਤੇ ਸਹਿਯੋਗੀ ਵਾਤਾਵਰਣ ਵਿੱਚ ਖੇਡਣ, ਸਿੱਖਣ ਅਤੇ ਵਧਣ ਫ਼ੁੱਲਣ ਦਾ ਮੌਕਾ ਦਿੰਦੀ ਹੈ। ਮਾਪਿਆਂ ਅਤੇ ਸੰਭਾਲ ਕਰਤਾਵਾਂ ਲਈ ਇਸ ਦਾ ਅਰਥ ਹੈ ਕੰੰੰਮ ਕਰਨ ਅਤੇ ਪੇਸ਼ਾਵਰ ਤਰੱਕੀ ਕਰਨ ਦਾ ਇੱਕ ਮੌਕਾ, ਇਸ ਮਾਨਸਕ ਸਕੂਨ ਨਾਲ ਕਿ ਉਨ੍ਹਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਹੋ ਰਹੀ ਹੈ।
ਸਾਡੀ ਯੂਨੀਵਰਸਲ ਬਾਲ ਸੰਭਾਲ ਯੋਜਨਾ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ-ਖ਼ਾਸ ਤੌਰ ‘ਤੇ ਨੌਜੁਆਨ ਲੋਕਾਂ- ਪ੍ਰਤੀ ਸਾਡੀ ਵਚਨਬੱਧਤਾ ਦਾ ਇੱਕ ਹਿੱਸਾ ਹੈ- ਕਿ ਅਸੀਂ ਉਨ੍ਹਾਂ ਦੀ ਸਫ਼ਲਤਾ ਦੇ ਰਾਹ ਵਿਚਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਉਹ ਸਭ ਕੁਝ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ। ਬਾਲ ਸੰਭਾਲ ਵਿੱਚ ਨਿਵੇਸ਼ ਕਰਨ ਨਾਲ ਸਾਡਾ ਸੂਬਾ ਹੋਰ ਮਜ਼ਬੂਤ ਹੁੰਦਾ ਹੈ। ਇਹ ਲੋਕਾਂ ਲਈ ਚੰਗਾ ਹੈ, ਭਾਈਚਾਰਿਆਂ ਲਈ ਚੰਗਾ ਹੈ ਅਤੇ ਆਰਥਕਤਾ ਲਈ ਚੰਗਾ ਹੈ।