ਚੰਡੀਗੜ੍ਹ: ਦੇਸ਼-ਵਿਦੇਸ਼ ‘ਚ ਚਿੱਤਰਕਾਰੀ ਦੇ ਖੇਤਰ ਵਿਚ ਆਪਣਾ ਨਵੇਕਲਾ ਸਥਾਨ ਸਥਾਪਿਤ ਕਰਨ ਵਾਲੇ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਵਿਚ ਸੂਖਮ ਕਲਾਵਾਂ ਨੂੰ ਦਰਸਾਉਣ ਦੀ ਪੂਰੀ ਸਮਰੱਥਾ ਹੈ। ਪਿਛਲੇ ੨੦ ਸਾਲਾ ਤੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਰਹਿ ਰਹੇ ਚਿੱਤਰਕਾਰ ਜਰਨੈਲ ਸਿੰਘ ਨੇ ਕਿਹਾ ਕਿ ਉਸ ਨੂੰ ਇਹ ਕਲਾ ਆਪਣੇ ਪਿਤਾ ਅਤੇ ਸੰਸਾਰ ਪ੍ਰਸਿੱਧ ਚਿੱਤਰਕਾਰ ਕ੍ਰਿਪਾਲ ਸਿੰਘ ਨਾਲ ਛੋਟੀ ਉਮਰੇ ਹੀ ਇਸ ਖੇਤਰ ਵਿਚ ਕਾਰਜ ਕਰਦਿਆਂ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਤਾ ਨੇ ਸਿੱਖ ਇਤਿਹਾਸ ਬਾਰੇ ਜੋ ਪੇਂਟਿੰਗਾਂ ਸਿਰਜੀਆਂ ਉਨ੍ਹਾਂ ਨੂੰ ਅੱਜ ਵੀ ਲੋਕ ਆਪਣੇ ਘਰਾਂ ਵਿਚ ਲਾਉਣਾ ਲੋਚਦੇ ਹਨ।
ਉਨ੍ਹਾਂ ਨੇ ਬਹੁਤ ਸਾਰੇ ਦੇਸ਼ਾਂ ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਫਰਾਂਸ ਆਦਿ ਵਿਖੇ ਵੀ ਆਪਣੀ ਕਲਾ ਕ੍ਰਿਤਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਹਨ ਜਿੱਥੇ ਉਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ‘ਤੇ ਸੂਖਮ ਕਲਾਵਾਂ, ਚਿੱਤਰਕਾਰੀ ਪ੍ਰਤੀ ਵੀ ਵਰਕਸ਼ਾਪ ਲਗਾ ਕੇ ਉੱਥੋਂ ਦੇ ਹਰ ਵਰਗ ਦੇ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਦਿਆਂ ਕਲਾ ਕ੍ਰਿਤਾਂ, ਪੇਂਟਿੰਗ ਆਦਿ ਪ੍ਰਤੀ ਵੀ ਸਿਖਲਾਈ ਦੇ ਕੇ ਇਸ ਕਲਾ ਨਾਲ ਜੋੜਨ ਦਾ ਉਪਰਾਲਾ ਕੀਤਾ। ਜਰਨੈਲ ਸਿੰਘ ਨੇ ਕਿਹਾ ਕਿ ਜਦੋਂ ਉਹ ਚੰਡੀਗੜ੍ਹ ਵਿਖੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਸਕੱਤਰ ਸਨ, ਉਸ ਸਮੇਂ ਵੀ ਉਨ੍ਹਾਂ ਨੇ ਬਹੁਤ ਸਾਰੀਆਂ ਵਰਕਸ਼ਾਪਾਂ ਲਗਵਾਈਆਂ ਜਿੱਥੇ ਪੰਜਾਬੀ ਸੱਭਿਆਚਾਰ ਅਤੇ ਲੋਕ ਜੀਵਨ ‘ਤੇ ਆਧਾਰਤ ਪੇਂਟਿੰਗਾਂ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਉਹ ਭਾਰਤ ਵਿਚ ਮੁੰਬਈ, ਕਲਕੱਤਾ ਅਤੇ ਦਿੱਲੀ ਆਦਿ ਵਿਚ ਕਲਾ ਵਰਕਸ਼ਾਪਾਂ ਦਾ ਹਿੱਸਾ ਬਣੇ ਹਨ ਉੱਥੇ ਉਨ੍ਹਾਂ ਨੇ ਕੈਨੇਡਾ ਵਿਖੇ ਗ਼ਦਰੀ ਸੂਰਮਿਆਂ ਦੇ ਵੀ ਚਿੱਤਰ ਬਣਾਏ ਹਨ ਜਿਨ੍ਹਾਂ ਵਿਚ ਖਾਸ ਕਰਕੇ ਆਜ਼ਾਦੀ ਲਈ ਫਾਂਸੀਆਂ ਦੇ ਰੱਸੇ ਚੁੰਮੇ, ਉਮਰ ਕੈਦਾਂ ਕੱਟੀਆਂ ਜਿਨ੍ਹਾਂ ਵਿਚ ਸ਼ਹੀਦ ਭਾਈ ਬਦਨ ਸਿੰਘ, ਭਾਈ ਬਲਵੰਤ ਸਿੰਘ, ਸ਼ਹੀਦ ਭਾਈ ਮੇਵਾ ਸਿੰਘ ਸਮੇਤ ੧੬ ਗ਼ਦਰੀ ਸੂਰਮਿਆਂ ਦੇ ਚਿੱਤਰਾਂ ਦੀ ਇਕ ਪ੍ਰਦਰਸ਼ਨੀ ਵੀ ਕੈਲਗਰੀ ਗੁਰਦੁਆਰਾ ਸਰ੍ਹੀਂ ਵਿਖੇ ਲਗਾਉਣ ਦਾ ਵੀ ਮੌਕਾ ਮਿਲਿਆ ਹੈ।
ਇਸੇ ਤਰ੍ਹਾਂ ਦੀ ਪ੍ਰਦਰਸ਼ਨੀ ਕੈਨੇਡਾ ਦੇ ੧੫੧ਵੇਂ ਦਿਵਸ ਮੌਕੇ ਵੀ ਲਗਾਈ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰੂਹ ਨੂੰ ਰੰਗਾਂ ਨਾਲ ਰੁਸ਼ਨਾ ਕੇ ਉਸ ਨੂੰ ਵਧੇਰੇ ਸਕੂਨ ਮਿਲਿਆ ਹੈ।