ਪ੍ਰਵਾਸੀ ਪੰਜਾਬੀ ਜੱਗੀ ਜੌਹਲ ਤੇ ਉਸ ਦੇ ਚਾਰ ਸਾਥੀ ਬਰੀ

0
1565

ਫ਼ਰੀਦਕੋਟ: ਵਿਸ਼ੇਸ਼ ਦੀ ਅਦਾਲਤ ਵਲੋਂ ਪ੍ਰਵਾਸੀ ਪੰਜਾਬੀ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਤੇ ਉਸ ਦੇ ਚਾਰ ਸਾਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਅੱਤਵਾਦੀ ਗਤੀਵਿਧੀਆਂ ਕਰਵਾਉਣ ਤੇ ਅੱਤਵਾਦੀ ਧੜਿਆਂ ਨੂੰ ਪੈਸੇ ਮੁਹੱਈਆ ਕਰਵਾਉਣ ਦੇ ਦੋਸ਼ਾਂ ਤਹਿਤ ਦਰਜ ਹੋਏ ਮਾਮਲੇ ‘ਚ ਬਰੀ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਵਲੋਂ ਸਮੁੱਚੀ ਜਾਂਚ ਨੂੰ ਨੁਕਸਦਾਰ ਦੱਸਦੇ ਹੋਏ ਇਹ ਫ਼ੈਸਲਾ ਸੁਣਾਇਆ ਹੈ, ਜਿਸ ਨਾਲ ਪੁਲਿਸ ਤੇ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਜਾਂਚ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਵਾਸੀ ਪੰਜਾਬੀ ਜੱਗੀ ਜੌਹਲ ਨੂੰ ਥਾਣਾ ਰਾਮਦਾਸ ਜ਼ਿਲ੍ਹਾ ਅੰਮ੍ਰਿਤਸਰ ਦੀ ਪੁਲਿਸ ਵਲੋਂ ੨੧ ਮਈ, ੨੦੧੭ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਜੱਗੀ ਜੌਹਲ ਅੱਤਵਾਦੀ ਜਥੇਬੰਦੀਆਂ ਨੂੰ ਅਸਲ੍ਹਾ ਅਤੇ ਪੈਸਾ ਮੁਹੱਈਆ ਕਰਵਾਉਂਦਾ ਹੈ। ਇਸ ਮਾਮਲੇ ਦੀ ਪੜਤਾਲ ਦੌਰਾਨ ਫ਼ਰੀਦਕੋਟ ਦੀ ਪੁਲਿਸ ਵਲੋਂ ੨੬ ਜੂਨ, ੨੦੧੭ ਨੂੰ ਜਗਤਾਰ ਸਿੰਘ ਜੱਗੀ ਜੌਹਲ, ਜਗਜੀਤ ਸਿੰਘ, ਤਲਜੀਤ ਸਿੰਘ ਵਾਸੀ ਜੰਮੂ, ਗੁਰਪ੍ਰੀਤ ਸਿੰਘ ਵਾਸੀ ਕੋਟਕਪੂਰਾ ਤੇ ਤ੍ਰਿਲੋਕ ਸਿੰਘ ਵਾਸੀ ਕੈਨੇਡਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਅਸਲ੍ਹਾ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਜੁਲਾਈ ੨੦੧੮ ‘ਚ ਦੋਸ਼ ਪੱਤਰ ਅਦਾਲਤ ਵਿਚ ਦਾਇਰ ਕੀਤੇ ਸਨ ਤੇ ਦਾਅਵਾ ਕੀਤਾ ਸੀ ਕਿ ਉਕਤ ਸਾਰੇ ਵਿਅਕਤੀ ਅੱਤਵਾਦੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਲਈ ਸਰਗਰਮ ਸਨ ਤੇ ਤਫ਼ਤੀਸ਼ ਦੌਰਾਨ ਇਨ੍ਹਾਂ ਕੋਲੋਂ ਤਿੰਨ ਰਿਵਾਲਵਰ ਬਰਾਮਦ ਹੋਏ ਸਨ ਤੇ ਇਨ੍ਹਾਂ ਦੇ ਖਾਤਿਆਂ ਵਿਚ ਵਿਦੇਸ਼ਾਂ ਤੋਂ ਲੱਖਾਂ ਰੁਪਏ ਜਮ੍ਹਾਂ ਹੋਣਾ ਪਾਇਆ ਗਿਆ ਸੀ। ਇਸ ਮਾਮਲੇ ਦੀ ਪੜਤਾਲ ਡੀ.ਜੀ.ਪੀ. ਦੇ ਹੁਕਮਾਂ ‘ਤੇ ਅੰਮ੍ਰਿਤਸਰ ਦੇ ਸਪੈਸ਼ਲ ਆਪਰੇਸ਼ਨ ਸੈੱਲ ਨੇ ਕੀਤੀ
ਸੀ।
ਜੱਗੀ ਜੌਹਲ ਦੇ ਵਕੀਲ ਮਨਦੀਪ ਚਾਨਣਾ ਨੇ ਦੱਸਿਆ ਕਿ ਪੁਲਿਸ ਦੀ ਸਮੁੱਚੀ ਜਾਂਚ ਨੁਕਸਦਾਰ ਤੇ ਗੈਰ-ਕਾਨੂੰਨੀ ਸੀ, ਕਿਉਂਕਿ ਪੜਤਾਲ ਤੋਂ ਪਹਿਲਾਂ ਪੁਲਿਸ ਵਲੋਂ ਪੰਜਾਬ ਦੇ ਗ੍ਰਹਿ ਵਿਭਾਗ ਤੋਂ ਲੋੜੀਂਦੀ ਮਨਜ਼ੂਰੀ ਨਹੀਂ ਲਈ ਗਈ ਸੀ। ਇਸ ਮਾਮਲੇ ਦੀ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਵਲੋਂ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਆਦੇਸ਼ ਦਿੱਤੇ
ਹਨ।