ਹੁਣ ਯੂ.ਪੀ., ਗੁਜਰਾਤ ਤੇ ਮਹਾਰਾਸ਼ਟਰ ਦੇ ਲੋਕਾਂ ਦਾ ਰੁਝਾਨ ਵੀ ਕੈਨੇਡਾ ਵੱਲ ਵਧਿਆ

0
1224

ਟੋਰਾਂਟੋ: ਕੈਨੇਡਾ ਵੱਲ ਦਹਾਕਿਆਂ ਤੋਂ ਪੰਜਾਬੀਆਂ ਦੀ ਖਿੱਚ ਬਣੀ ਰਹੀ ਹੈ ਅਤੇ ਮੌਜੂਦਾ ਦੌਰ ‘ਚ ਵੀ ਪੰਜਾਬ ਤੋਂ ਕੈਨੇਡਾ ‘ਚ ਪ੍ਰਵਾਸ ਸਿਖਰ ‘ਤੇ ਹੈ। ਹਰਿਆਣਾ ਅਤੇ ਰਾਜਸਥਾਨ ਤੋਂ ਵੀ ਪਿਛਲੇ ੨੦ ਸਾਲਾਂ ਦੌਰਾਨ ਪ੍ਰਵਾਸ ਕਾਫੀ ਵਧਿਆ ਹੈ। ਇਸੇ ਦੌਰਾਨ ਭਾਰਤ ਦੇ ਹੋਰ ਸੂਬਿਆਂ ਤੋਂ ਵੀ ਲੋਕਾਂ ਦਾ ਝੁਕਾਅ ਕੈਨੇਡਾ ਵੱਲ ਹੋ ਚੁੱਕਾ ਹੈ। ਇਨੀਂ ਦਿਨੀਂ ਗੁਜਰਾਤ, ਦਿੱਲੀ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕੇਰਲਾ, ਕਰਨਾਟਕ ਆਦਿ ਸੂਬਿਆਂ ਤੋਂ ਲੋਕਾਂ ਦਾ ਮੁਹਾਰ ਕੈਨੇਡਾ ਵੱਲ ਹੋ ਗਿਆ ਹੈ। ਨਿੱਤ ਦਿਨ ਵੈਨਕੂਵਰ ਅਤੇ ਟਰਾਂਟੋ ਤੋਂ ਹੁੰਦੇ ਹੋਏ ਲੋਕ ਕੈਨੇਡਾ ਦੇ ਹੋਰ ਹਿੱਸਿਆਂ ‘ਚ ਵਾਸਾ ਕਰਦੇ ਹਨ। ਉਨ੍ਹਾਂ ‘ਚ ਅਜਿਹੇ ਲੋਕ ਜ਼ਿਆਦਾ ਸ਼ਾਮਿਲ ਹਨ ਜਿਨ੍ਹਾਂ ਦੇ ਧੀਆਂ ਪੁੱਤਾਂ ਨੇ ਆਪਣੀ ਸੈਟਿੰਗ ਕਰਕੇ ਹੁਣ ਆਪਣੇ ਪਿੰਡਾਂ ਤੋਂ ਮਾਪਿਆਂ ਨੂੰ ਸੱਦਣਾ ਸ਼ੁਰੂ ਕੀਤਾ ਹੈ।
ਕਿਸੇ-ਕਿਸੇ ਜਹਾਜ਼ ‘ਚ ਏਨੇ ਭਾਰਤੀ ਲੋਕ ਸਵਾਰ ਹੋ ਕੇ ਕੈਨੇਡਾ ਪੁੱਜਦੇ ਹਨ ਕਿ ਓਥੋਂ ਦਾ ਹਵਾਈ ਅੱਡੇ ਤੋਂ ਲੁਧਿਆਣਾ/ਲਖਨਊ ਦਾ ਕੋਈ ਬੱਸ ਅੱਡਾ ਹੋਣ ਦਾ ਭੁਲੇਖਾ ਪੈਣ ਲੱਗਦਾ ਹੈ। ਪਹਿਲਾਂ ਵਾਂਗ ਲੋਕ ਹੁਣ ਕੈਨੇਡਾ ਵੱਲ ਸਜ-ਸੰਵਰ ਕੇ ਘੱਟ ਪਰ ਸੁੱਤੇਸਿਧ ਆਪਣੇ ਆਮ ਪੇਂਡੂ ਪਹਿਰਾਵੇ ਅਤੇ ਸਾਦਾ ਚੱਪਲਾਂ ਵਗੈਰਾ ਪਾ ਕੇ ਵੱਧ ਜਾਣ ਲੱਗੇ ਹਨ। ਕੈਨੇਡਾ ਦੇ ਵਿੱਦਿਅਕ ਅਦਾਰਿਆਂ ‘ਚ ਅਗਲੇ ਸਮੈਸਟਰ ਲਈ ਦਾਖਲੇ ਲੈ ਕੇ ਵੀਜ਼ੇ ਅਪਲਾਈ ਕਰਨ ਦਾ ਕੰਮ ਤੇਜ਼ੀ ਨਾਲ਼ ਚੱਲ ਰਿਹਾ ਹੈ। ੩ ਸਤੰਬਰ ੨੦੧੯ ਤੋਂ ਸ਼ੁਰੂ ਹੋਣ ਵਾਲ਼ੇ ਸਮੈਸਟਰ ਵਾਸਤੇ ਅਗਸਤ ‘ਚ ਕੈਨੇਡਾ ਦੇ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤੀ ਵਿਦਿਆਰਥੀਆਂ ਨਾਲ਼ ਇਕ ਵਾਰ ਫਿਰ ਖਚਾਖਚ ਭਰੇ ਨਜ਼ਰ ਆਉਣ ਲੱਗਣਗੇ। ਵਿਦਿਆਰਥੀ ਹੁਣ ਭਾਰਤ ਦੇ ਕੋਨੇ ਕੋਨੇ ਤੋਂ ਕੈਨੇਡਾ ਪੁੱਜਦੇ ਹਨ। ਕਿੱਤਿਆਂ ਦੇ ਮਾਹਿਰ ਆਪਣੀ ਯੋਗਤਾ ਦੇ ਅਧਾਰ ‘ਤੇ ਪੱਕੀ ਇਮੀਗ੍ਰੇਸ਼ਨ ਨਾਲ਼ ਵੀ ਕੈਨੇਡਾ ਨੂੰ ਅਪਣਾ ਰਹੇ ਹਨ। ਭਾਰਤ ‘ਚ ਉੱਚ ਅਹੁਦਿਆਂ ‘ਤੇ ਬਿਰਾਜਮਨ ਅਧਿਕਾਰੀ, ਰਾਜਨੀਤਕ ਆਗੂ ਅਤੇ ਸਫਲ ਕਾਰੋਬਾਰੀ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਕੈਨੇਡਾ ‘ਚ ਸੈੱਟ ਕਰਨ ਨੂੰ ਤਰਜੀਹ ਦੇ ਰਹੇ ਹਨ। ਭਾਰਤ ਦੇ ਲੋਕਾਂ ਨੂੰ ਕਿਫਾਇਤੀ ਕਿਰਾਇਆਂ ਵਾਲ਼ੀ ਜੈੱਟ ਏਅਰਵੇਜ਼ ਬੜੀ ਰਾਸ ਆਈ ਹੋਈ ਸੀ ਪਰ ਉਹ ਹਵਾਈ ਕੰਪਨੀ ਬੰਦ ਹੋਣ ਮਗਰੋਂ ਵਿਦੇਸ਼ੀ ਹਵਾਈ ਕੰਪਨੀਆਂ ਨੂੰ ਭਾਰਤੀਆਂ ਤੋਂ ਚੋਖਾ ਮੁਨਾਫਾ ਹੋਣ ਲੱਗ ਪਿਆ ਹੈ। ਜੈੱਟ ਦੇ ਜਹਾਜ਼ ਬੰਦ ਹੋਣ ਮਗਰੋਂ ਕੈਨੇਡਾ ਤੱਕ ਪੁੱਜਣ ਲਈ ਭਾਰਤੀ ਮੁਸਾਫਿਰਾਂ ਨੂੰ ਹੋਰਨਾਂ ਦੇਸ਼ਾਂ (ਯੂਰਪ, ਚੀਨ, ਦੁਬਈ, ਯੂਕਰੇਨ ਆਦਿਕ) ਦੇ ਰਸਤੇ ਕੈਨੇਡਾ ਪੁੱਜਣਾ ਪੈਂਦਾ ਹੈ। ਏਅਰ ਕੈਨੇਡਾ ਦੀ ਦਿੱਲੀ ਤੋਂ ਟੋਰਾਂਟੋ ਸਿੱਧੀ ਉਡਾਨ ਅਜੇ ਬੰਦ ਹੋਣ ਕਾਰਨ ਵੀ ਹੋਰਨਾਂ ਹਵਾਈ ਕੰਪਨੀਆਂ ਦੀ ਚਾਂਦੀ ਹੈ ਅਤੇ ਮਨਮਰਜ਼ੀ ਦੇ ਕਿਰਾਏ ਵਸੂਲ ਕੀਤੇ ਜਾਂਦੇ ਹਨ। ੨੭ ਸਤੰਬਰ ਤੋਂ ਏਅਰ ਇੰਡੀਆ ਦੀ ਦਿੱਲੀ-ਟੋਰਾਂਟੋ ਉਡਾਨ ਸ਼ੁਰੂ ਹੋਣ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਆਸ ਹੈ।