ਬੀ ਸੀ ਦੇ 150 ਕਾਲਜਾਂ ਵਿਚ ਪੜ੍ਹਦੇ ਹਨ ਡੇਢ ਲੱਖ ਆਲਮੀ ਵਿਦਿਆਰਥੀ

0
1039

ਵੈਨਕੂਵਰ: ਨਵੇਂ ਸਾਲ ਦੇ ਛੇਵੇਂ ਦਿਨ ਖੁੱਲ੍ਹਣ ਵਾਲੇ ਕੈਨੇਡਾ ਦੇ ਕਾਲਜਾਂ ‘ਚ ਦਾਖਲਾ ਲੈ ਕੇ ਇੱੱਥੇ ਪੁੱਜ ਰਹੇ ਆਲਮੀ ਵਿਦਿਅਰਥੀਆਂ ਦੀ ਇਸ ਮਹੀਨੇ ਵੱਡੀ ਆਮਦ ਹੋ ਰਹੀ ਹੈ। ਇਨ੍ਹਾਂ ‘ਚੋਂ ਵੱਡੀ ਗਿਣਤੀ ਵਿਦਿਆਰਥੀ ਪੰਜਾਬ ਤੋਂ ਆ ਰਹੇ ਹਨ। ਕਰੀਬ ੫੦੦ ਵਿਦਿਆਰਥੀ ਰੋਜ਼ਾਨਾ ਪੰਜਾਬ ਤੋਂ ਵੈਨਕੂਵਰ ਆ ਰਹੇ ਹਨ, ਜਿਨ੍ਹਾਂ ‘ਚ ਲੜਕੀਆਂ ਦੀ ਗਿਣਤੀ ਲੜਕਿਆਂ ਤੋਂ ਵੱਧ ਹੈ। ਕਾਫੀ ਲੜਕੀਆਂ ਉਹ ਹਨ, ਜਿਨ੍ਹਾਂ ਦਾ ਹਾਲੇ ਨਵਾਂ ਵਿਆਹ ਹੋਇਆ ਹੈ।
ਦਿੱਲੀ ਤੋਂ ਵੈਨਕੂਵਰ ਪੁੱਜੀ ਏਅਰ ਕੈਨੇਡਾ ਦੀ ਉਡਾਣ ‘ਚੋਂ ਉੱਤਰੀਆਂ ਵਿਦਿਅਕ ਵੀਜ਼ੇ ਵਾਲੀਆਂ ੨੨ ਲੜਕੀਆਂ ਦੇ ਹੱਥੀਂ ਚੂੜਾ ਪਿਆ ਹੋਣਾ ਉਸ ਦਿਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਵੱਧ ਵਿਦਿਆਰਥੀ ਕੈਨੇਡਾ ਆ ਰਹੇ ਹਨ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਕਾਲਜਾਂ ਦੀ ਗਿਣਤੀ ੧੫੦ ਤੋਂ ਵੱਧ ਹੈ, ਜਿਨ੍ਹਾਂ ਵਿੱਚ ੨੦੧੭ ਵਿੱਚ ਕਰੀਬ ਡੇਢ ਕੁ ਲੱਖ ਆਲਮੀ ਵਿਦਿਆਰਥੀ ਪੜ੍ਹ ਰਹੇ ਸਨ। ਵਿਦਿਅਕ ਸਮੈਸਟਰ ਜਨਵਰੀ, ਮਈ ਅਤੇ ਸਤੰਬਰ ਤੋਂ ਸ਼ੁਰੂ ਹੁੰਦੇ ਹਨ। ਚੂੜਾ ਪਾਈ ਪਹੁੰਚੀਆਂ ਲੜਕੀਆਂ ‘ਚੋਂ ਕੁੱਝ ਨਾਲ ਹੋਈ ਗੱਲਬਾਤ ਅਨੁਸਾਰ ਸਰਦੇ ਪੁੱਜਦੇ ਪਰਿਵਾਰ ਆਈਲੈਟਸ ਦੇ ੬ ਜਾਂ ਵੱਧ ਬੈਂਡ ਲੈ ਚੁੱਕੀਆਂ ਲੜਕੀਆਂ ਦੇ ਪਰਿਵਾਰਾਂ ਨਾਲ ਲੜਕੇ ਦਾ ਰਿਸ਼ਤਾ ਪੱਕਾ ਕਰ ਕੇ ਲੜਕੀ ਨੂੰ ਵਿਦਿਅਕ ਵੀਜ਼ੇ ‘ਤੇ ਕੈਨੇਡਾ ਭੇਜਣ ਦਾ ਖਰਚਾ ਕਰਨਾ ਮੰਨਦੇ ਹਨ।
ਲੜਕੀ ਪੱਕੀ ਹੋਣ ਤੋਂ ਬਾਅਦ ਆਪਣੇ ਪਤੀ ਨੂੰ ਕੈਨੇਡਾ ਸੱਦ ਸਕਦੀ ਹੈ। ਇੰਜ ਚੰਗੇ ਭਵਿੱਖ ਦੀ ਉਮੀਦ ਨਾਲ ਘੱਟ ਪੜ੍ਹੇ ਮੁੰਡੇ ਕੈਨੇਡਾ ਪਹੁੰਚਣ ਦੀ ਸਕੀਮ ਬਣਾ ਲੈਂਦੇ ਹਨ। ਵਿਦਿਅਕ ਵੀਜ਼ੇ ‘ਤੇ ਆਏ ਵਿਦਿਆਰਥੀਆਂ ‘ਚੋਂ ੭੫-੮੦ ਫੀਸਦੀ ਕਿਸੇ ਤਰ੍ਹਾਂ ੪-੫ ਸਾਲਾਂ ‘ਚ ਸਥਾਈ ਨਾਗਰਿਕਤਾ ਲੈਣ ‘ਚ ਸਫਲ ਹੋ ਜਾਂਦੇ ਹਨ। ਗਲਤ ਕੰਮਾਂ ‘ਚ ਪੈ ਕੇ ਕਈ ਵਿਦਿਆਰਥੀ ਡਿਪੋਰਟ ਵੀ ਹੋਏ ਹਨ।
ਭਾਰਤ ਤੋਂ ਵਿਦਿਅਕ ਵੀਜ਼ੇ ‘ਤੇ ਕੈਨੇਡਾ ਆਉਣ ਵਾਲੇ ਵਿਦਿਆਰਥੀ ਲਈ ੧੫ ਤੋਂ ੧੭ ਕੁ ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਕੈਨੇਡਾ ਦੇ ਸਾਬਕਾ ਆਵਾਸ ਮੰਤਰੀ ਅਹਿਮਦ ਹੁਸੈਨ ਨੇ ਮੰਨਿਆ ਸੀ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਕੈਨੇਡੀਅਨ ਆਰਥਿਕਤਾ ‘ਤੇ ਚੰਗਾ ਪ੍ਰਭਾਵ ਪਾ ਰਹੀ ਹੈ। ਹਰ ਸਾਲ ਅਰਬਾਂ ਡਾਲਰ ਦੇਸ਼ ‘ਚ ਆਉਣ ਤੋਂ ਰੋਕਣਾ ਸਿਆਣਪ ਨਹੀਂ ਹੈ।